ਡਾ ਕੁਲਦੀਪ ਚੰਦ ਅਗਨੀਹੋਤਰੀ ਦੀ ਨਿਯੁਕਤੀ ਦਾ ਨਿੱਘਾ ਸਵਾਗਤ
ਚੰਡੀਗੜ੍ਹ: 2 ਅਪ੍ਰੈਲ 2023 - ਕਲਾ-ਸਾਹਿਤ ਤੇ ਸਭਿਆਚਾਰ ਖੇਤਰ ਦੇ ਪਾਠਕਾਂ, ਲੇਖਕਾਂ ਤੇ ਖੋਜਾਰਥੀਆਂ ਲਈ ਇਹ ਖਬਰ ਪ੍ਰਸੰਨਤਾ ਭਰੀ ਹੋਵੇਗੀ ਕਿ ਹਰਿਆਣਾ ਸਰਕਾਰ ਨੇ ਭਾਰਤ ਦੇ ਉਘੇ ਹਿੰਦੀ ਲੇਖਕ, ਵਿਦਵਾਨ ਤੇ ਕੇਂਦਰੀ ਯੂਨਿਵਰਸਿਟੀ ਧਰਮਸ਼ਾਲਾ ਦੇ ਵਾਈਸ ਚਾਂਸਲਰ ਰਹੇ ਡਾ ਕੁਲਦੀਪ ਚੰਦ ਅਗਨੀਹੋਤਰੀ ਨੂੰ ਹਰਿਆਣਾ ਸਰਕਾਰ ਵਿਚ ਮਾਣਮੱਤੇ ਅਹੁਦੇ ਉਤੇ ਨਿਯੁਕਤ ਕੀਤਾ ਗਿਆ ਹੈ।
ਹਰਿਆਣਾ ਪ੍ਰਾਂਤ ਵਿਚ ਕਾਰਜਸ਼ੀਲ ਹਰਿਆਣਾ ਪੰਜਾਬੀ ਅਕਾਦਮੀ, ਹਿੰਦੀ ਤੇ ਉਰਦੂ ਅਕਾਦਮੀਆਂ ਸਮੇਤ ਕਈ ਹੋਰ ਅਕਾਦਮੀਆਂ ਨੂੰ ਇਕੱਠੇ ਕਰਕੇ 'ਹਰਿਆਣਾ ਸਾਹਿਤ ਤੇ ਸੰਸਕ੍ਰਿਤ ਅਕਾਦਮੀ' ਦੀ ਸਥਾਪਨਾ ਕੀਤੀ ਗਈ ਹੈ ਤੇ ਡਾ ਅਗਨੀਹੋਤਰੀ ਇਸ ਦੇ ਉਪ ਚੇਅਰਮੈਨ ਨਿਯੁਕਤ ਕੀਤੇ ਗਏ ਹਨ, ਜਦ ਕਿ ਚੇਅਰਮੈਨ ਹਰਿਆਣਾ ਦੇ ਮੁੱਖ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹੋਣਗੇ। ਡਾ ਅਗਨੀਹੋਤਰੀ ਦੀ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਪ੍ਰਸਿੱਧ ਸ਼ਾਇਰ ਡਾ ਸੁਰਜੀਤ ਪਾਤਰ, ਲੋਕ ਵਿਰਾਸਤ ਅਕਾਦਮੀ ਦੇ ਪ੍ਰਧਾਨ ਡਾ ਗੁਰਭਜਨ ਗਿੱਲ, ਮਹਾਂਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੀ ਚੇਅਰ ਦੇ ਰਾਇਟਰ ਇਨ ਰੈਜੀਡੈਂਟ ਨਿੰਦਰ ਘੁਗਿਆਣਵੀ, ਟੋਰਾਂਟੋ ਵਸਦੇ ਵਾਰਤਕ ਲੇਖਕ ਪਿੰ ਸਰਵਣ ਸਿੰਘ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਡਾ ਅਗਨੀਹੋਤਰੀ ਨੂੰ ਵਧਾਈ ਦਿਤੀ ਹੈ। ਨਵਾਂ ਸ਼ਹਿਰ ਦੇ ਮੁਕੰਦਪੁਰ ਨਾਲ ਸਬੰਧਿਤ ਡਾ ਕੁਲਦੀਪ ਚੰਦ ਅਗਨੀਹੋਤਰੀ ਕਈ ਕਿਤਾਬਾਂ ਦੇ ਲੇਖਕ ਤੇ ਹਿੰਦੀ ਸਾਹਿਤ ਦੇ ਸਮੀਖਿਆਕ ਹਨ।