ਅਸ਼ੋਕ ਵਰਮਾ
ਬਠਿੰਡਾ, 19 ਦਸੰਬਰ 2020 - ਦਿੱਲੀ ’ਚ ਸਾਲ 1984 ਦੌਰਾਨ ਸਿੱਖ ਕਤਲੇਆਮ ਦਾ ਸ਼ਿਕਾਰ ਹੋਏ ਸਿੱਖਾਂ ਦੇ ਕੇਸ ਲੜਨ ਵਾਲੇ ਪ੍ਰਸਿੱਧ ਵਕੀਲ ਹਰਵਿੰਦਰ ਸਿੰਘ ਫੂਲਕਾ ਦੇ ਭਰਾ, ਗੁਰੂ ਗੋਬਿੰਦ ਸਿੰਘ ਰਿਫਾਇਨਰੀ ਬਠਿੰਡਾ ਦੇ ਲੋਕ ਸੰਪਰਕ ਅਧਿਕਾਰੀ ਅਤੇ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਵਾਹਿਗੁਰੂਪਾਲ ਸਿੰਘ ਦਾ ਅੰਤਮ ਸਸਕਾਰ ਸੋਮਵਾਰ ਨੂੰ ਬਾਅਦ ਦੁਪਹਿਰ ਕੀਤਾ ਜਾਏਗਾ। ਉਹਨਾਂ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਉਹਨਾਂ ਦਾ ਲੜਕਾ ਸੰਦੀਪ ਕਮਲ ਸਿੰਘ ਫੂਲਕਾ ਕੈਨੇਡਾ ਰਹਿੰਦਾ ਹੈ ਜਿਸ ਦੀ ਉਡੀਕ ਕੀਤੀ ਜਾ ਰਹੀ ਹੈ। ਉਹਨਾਂ ਦਾ ਇੱਕ ਲੜਕਾ ਕਮਲਪਰੀਤ ਸਿੰਘ ਫੂਲਕਾ ਚੰਡੀਗੜ ’ਚ ਵਕੀਲ ਹੈ ਜਦੋਂਕਿ ਲੜਕੀ ਵਰਨੀਤ ਕੌਰ ਅਮਰੀਕਾ ਵਸਦੇ ਹਨ।
ਉਹ ਆਪਣੇ ਪਿੱਛੇ ਸੇਵਾਮੁਕਤ ਅਧਿਆਪਕਾ ਰਮੇਸ਼ ਕੁਮਾਰੀ ਛੱਡ ਗਏ ਹਨ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ’ਚ ਸਨਮਾਨ ਦਾ ਪਾਤਰ ਅਤੇ ਸਮਾਜਸੇਵਾ ਕਾਰਜਾਂ ’ਚ ਮੋਹਰੀ ਰਹਿਣ ਕਾਰਨ ਵਾਹਿਗੁਰੂ ਪਾਲ ਸਿੰਘ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਸਮਾਜਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ । ਅੱਜ ਰਿਫਾਇਨਰੀ ’ਚ ਵੀ ਵਾਹਿਗੁਰੂਪਾਲ ਸਿੰਘ ਦੀ ਮੌਤ ਕਾਰਨ ਮਹੌਲ ਸੋਗਮਈ ਰਿਹਾ। ਰਿਫਾਇਨਰੀ ਦੇ ਪਬਲਿਕ ਰਿਲੇਸ਼ਨਜ਼ ਡਿਪਾਰਟਮੈਂਟ ਦੇ ਅਧਿਕਾਰੀ ਪੰਕਜ਼ ਵਿਨਾਇਕ ਨੇ ਵੀ ਉਹਨਾਂ ਦੀ ਮੌਤ ਤੇ ਪ੍ਰੀਵਾਰ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਵੱਖ ਵੱਖ ਮੀਡੀਆ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਤੇ ਫੋਟੋ ਜਰਨਲਿਸਟਾਂ ਨੇ ਵੀ ਦੁਖੀ ਪ੍ਰੀਵਾਰ ਨਾਲ ਹਮਦਦਰਦੀ ਜਤਾਈ ਹੈ। ਅੱਜ ਸ਼ੋਮਣੀ ਅਕਾਲੀ ਦਲ ਦੇ ਜਿਲਾ ਪ੍ਰੈਸ ਸਕੱਤਰ ਅਤੇ ਵਾਹਿਗੁਰੂਪਾਲ ਸਿੰਘ ਦੇ ਖਾਸ ਦੋਸਤ ਓਮ ਪ੍ਰਕਾਸ਼ ਸ਼ਰਮਾ ਤੋਂ ਇਲਾਵਾ ਸਿਦਕ ਫੋਰਮ ਦੇ ਪ੍ਰਧਾਨ ਤੇ ਸ੍ਰੀ ਗਊਸ਼ਾਲਾ ਦੇ ਆਗੂ ਸਾਧੂ ਰਾਮ ਕੁਸਲਾ ਨੇ ਵੀ ਫੂਲਕਾ ਪ੍ਰੀਵਾਰ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਪ੍ਰਮਾਤਮਾ ਅੱਗੇ ਵਿੱਛੜੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਹੈ।