ਨਾਮਵਰ ਪੰਜਾਬੀ ਲੇਖਕ,ਆਲੋਚਕ ਅਤੇ ਕਾਲਮ-ਨਵੀਸ ਪ੍ਰੋ. ਭੋਗਲ ਨੂੰ ‘ਜੀਵਨ ਭਰ ਦੀਆਂ ਪ੍ਰਾਪਤੀਆਂ ਸਨਮਾਨ’
ਫਗਵਾੜਾ, 14 ਨਵੰਬਰ 2021 - ਨਾਮਵਰ ਪੰਜਾਬੀ ਲੇਖਕ,ਆਲੋਚਕ ਅਤੇ ਕਾਲਮ-ਨਵੀਸ ਪ੍ਰੋ ਪਿਆਰਾ ਸਿੰਘ ਭੋਗਲ ਵਲੋਂ ਸਾਹਿੱਤਕ,ਪੱਤਰਕਾਰੀ,ਸਿੱਖਿਆ ਅਤੇ ਸਮਾਜਿਕ ਖੇਤਰ ਵਿਚ ਮਾਣ ਮੱਤੀਆਂ ਮੱਲਾਂ ਮਾਰਨ ਲਈ ਉਹਨਾਂ ਨੂੰ ਪੰਜਾਬੀ ਵਿਰਸਾ ਟਰੱਸਟ(ਰਜਿ.) ਫਗਵਾੜਾ ਅਤੇ ਪੰਜਾਬੀ ਲੇਖਕ ਸਭਾ(ਰਜਿ.) ਪਲਾਹੀ ਵਲੋਂ ‘ਜੀਵਨ ਭਰ ਦੀਆਂ ਪ੍ਰਾਪਤੀਆਂ ਸਨਮਾਨ’(ਲਾਈਫ ਟਾਈਮ ਅਚੀਵਮੈਂਟ ਐਵਾਰਡ) ਨਾਲ ਨਿਵਾਜਿਆ ਗਿਆ।
ਟਰੱਸਟ ਦੇ ਪ੍ਰਧਾਨ ਪ੍ਰੋ.ਜਸਵੰਤ ਸਿੰਘ ਗੰਡਮ ਅਤੇ ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ ਇਹ ਸਨਮਾਨ 90 ਸਾਲਾ ਪ੍ਰੋ. ਭੋਗਲ ਨੂੰ ਅੱਜ ਉਹਨਾਂ ਦੇ ਜਲੰਧਰ ਸਥਿਤ ਗ੍ਰਹਿ ਵਿਖੇ ਪ੍ਰਦਾਨ ਕੀਤਾ ਗਿਆ।
ਸਨਮਾਨ ਵਿਚ ਇਕ ਲੋਈ, ਸ਼ੋਭਾ ਪੱਤਰ,ਮਮੈਂਟੋ ਅਤੇ 11,000 ਰੁਪਏ ਦੀ ਰਾਸ਼ੀ ਸ਼ਾਮਿਲ ਹੈ।
ਇਸ ਮੌਕੇ ਪੰਜਾਬ ਪਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸ. ਸਤਨਾਮ ਸਿੰਘ ਮਾਣਕ ਅਤੇ ਪੰਜਾਬ ਆਰਟਸ ਕੌਂਸਲ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਵਿਸ਼ੇਸ ਤੌਰ ਤੇ ਸ਼ਾਮਲ ਹੋਏ।
ਉਹਨਾਂ ਨੇ ਪ੍ਰੋ. ਭੋਗਲ ਵਲੋਂ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਕੀਤੀ ਲੰਮੀ ਘਾਲਣਾ ਦੀ ਸ਼ਲਾਘਾ ਕਰਦਿਆਂ ਉਹਨਾਂ ਦੀ ਸਿਹਤਮੰਦ ਅਤੇ ਲੰਮੀ ਉਮਰ ਲਈ ਦੁਆ ਕੀਤੀ ਅਤੇ ਕਾਮਨਾਂ ਕੀਤੀ ਕਿ ਉਹ ਇਸੇ ਤਰਾਂ ਹੀ ਪੰਜਾਬੀ ਸਾਹਿੱਤ ਵਿਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।ਉਹਨਾਂ ਨੇ ਪ੍ਰੋ. ਭੋਗਲ ਦੇ ਅੱਛੇ ਬੁਲਾਰੇ ਦੇ ਤੌਰ ਤੇ ਹਮੇਸ਼ਾਂ ਹੱਕ-ਸੱਚ ਖਾਤਰ ਆਵਾਜ਼ ਬੁਲੰਦ ਕਰਦੇ ਰਹਿਣ ਲਈ ਵੀ ਭਰਪੂਰ ਸ਼ਲਾਘਾ ਕੀਤੀ।
ਸੰਖੇਪ ਪਰ ਪ੍ਰਭਾਵਸ਼ਾਲੀ ਸਨਮਾਨ ਸਮਾਗਮ ਵਿਚ ਹਾਜ਼ਰ ਲੇਖਕਾਂ ਨਾਲ ਗਲਬਾਤ ਕਰਦਿਆਂ ਪ੍ਰੋ. ਭੋਗਲ ਨੇ ਦਸਿਆ ਕਿ ਉਹਨਾਂ ਨੇ ਲਗਭਗ 70 ਸਾਲ ਪਹਿਲਾਂ ਕਲਮ ਚੁਕ ਲਈ ਸੀ ਅਤੇ ਅੱਜ ਤਕ ਨਿਰੰਤਰ ਲਿਖ ਰਹੇ ਹਨ।90 ਸਾਲ ਦੀ ਉਮਰ ਟੱਪ ਚੁਕੇ ਪ੍ਰੋ ਭੋਗਲ ਨੇ ਆਪਣੀ ਗੱਭਰੂਆਂ ਵਾਂਗ ਟਣਕਦੀ ਆਵਾਜ਼ ਅਤੇ ‘ਗਰਾਫਿਕ’ ਯਾਦ-ਸ਼ਕਤੀ ਦਰਸਾਉਂਦਿਆਂ ਦਸਿਆ ਕਿ ਉਹ ਅਜੇ ਮਸਾਂ 22-23 ਸਾਲ ਦੇ ਸਨ ਜਦੋਂ ਉਹਨਾਂ ਦੀਆਂ 2 ਕਿਤਾਬਾਂ ਛਪ ਕੇ ਮਾਰਕਿਟ ਵਿਚ ਆ ਗਈਆਂ ਸਨ।
ਪ੍ਰੋ. ਭੋਗਲ ਅਨੁਸਾਰ ਉਹਨਾਂ ਦੀਆਂ ਹੁਣ ਤਕ 50-60 ਕਿਤਾਬਾਂ,ਜਿਨ੍ਹਾਂ ਵਿਚ 6 ਨਾਵਲ,5 ਕਹਾਣੀ ਸੰਗ੍ਰਹਿ, 4 ਨਾਟਕ,10 ਆਲੋਚਨਾ ਦੀਆਂ ਕਿਤਾਬਾਂ, ਸਵੈ-ਜੀਵਨੀ ਅਤੇ ਅਨੁਵਾਦਿਤ ਪੁਸਤਕਾਂ ਸ਼ਾਮਲ ਹਨ।ਉਹਨਾਂ ਨੇ ਦੇਸ਼-ਬਦੇਸ਼ ਦੀਆਂ ਪੰਜਾਬੀ ਅਖਬਾਰਾਂ ਲਈ ਹੁਣ ਤਕ ਲਗਭਗ 400 ਲਿਖੇ ਹਨ।ਇਹਨਾਂ ਵਿਚ ਪੰਜਾਬੀ ਦੀ ਪ੍ਰਸਿੱਧ ਅਖਬਾਰ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਸ਼ਾਮਲ ਹਨ।ਬਦੇਸ਼ੀ ਅਖਬਾਰਾਂ ਵਿਚ ਦੇਸ-ਪ੍ਰਦੇਸ ਅਤੇ ਇੰਡੋ-ਕੈਨੇਡੀਅਨ ਅਖਬਾਰਾਂ ਸ਼ਾਮਿਲ ਹਨ।ਰੋਜ਼ਾਨਾਂ ਅਜੀਤ ਅਤੇ ਪੰਜਾਬੀ ਟ੍ਰਿਬਿਊਨ ਵਿਚ ਕਰੀਬ 10 ਸਾਲ ਉਹ ਨਿਰੰਤਰ ਸਿਆਸੀ ਟਿੱਪਣੀਆਂ ਵਾਲੇ ਕਾਲਮ ਲਿਖਦੇ ਰਹੇ।
ਉਹ ਆਪਣੇ ਹੁਣੇ ਜਿਹੇ ਛਪੇ ਨਾਵਲ ‘ਨਾਰੀ’ ਨੂੰ ਆਪਣੇ ਬਾਕੀ ਨਾਵਲਾਂ ਦੇ ਮੁਕਾਬਲੇ ‘ਬੈਸਟ’(ਸਰਬੋਤਮ) ਕਹਿੰਦੇ ਹਨ।ਇਹ ਨਾਵਲ ਸਮਾਜਿਕ ਰਿਸ਼ਤਿਆਂ ਦੇ ਤਾਣੇ-ਪੇਟੇ ਅਤੇ ਨਾਰੀ ਦੀ ਅਵਸਥਾ ਨੂੰ ਖੁਬਸੂਰਤ ਅੰਦਾਜ਼ ਵਿਚ ਨਿਰੂਪਣ ਕਰਦਾ ਹੈ।ਉਹ ਆਪਣੀ ਪੁਸਤਕ ‘ਪੰਜਾਬੀ ਸਾਹਿਤ ਦਾ ਇਤਿਹਾਸ’ ਉਪਰ ਵੀ ਬੜਾ ਮਾਣ ਕਰਦੇ ਹਨ।ਇਸ ਪੁਸਤਕ ਦੇ ਹੁਣ ਤਕ ਚਾਰ ਐਡੀਸ਼ਨ ਛਪ ਚੁਕੇ ਹਨ।ਉਹਨਾਂ ਦੀਆਂ ਬਾਕੀ ਰਚਨਾਵਾਂ ਵੀ ਪੜ੍ਹਨਯੋਗ ਹਨ।
ਪ੍ਰੋ. ਭੋਗਲ ਅਨੁਸਾਰ ਜੀਵਨ ਵਿਚ ਸਾਹਿਤ ਸਭ ਕੁਛ ਹੈ!ਉਹਨਾਂ ਅਨੁਸਾਰ ਸਾਹਿਤ ਜ਼ਿੰਦਗੀ ਦਾ ਦਰਪਨ ਵੀ ਹੈ ਅਤੇ ਦਰਪਨ ਦਿਖਾਉਣ ਦਾ ਮਾਧਿਅਮ ਵੀ ਹੈ।ਉਹ ਕਿਤਾਬਾਂ ਨੂੰ ਹੰਢਣਸਾਰ ਦੋਸਤ ਦਸਦੇ ਹਨ।ਉਹਨਾਂ ਅਨੁਸਾਰ ਪੰਜਾਬੀ ਸਾਹਿਤ ਬੜਾ ਅਮੀਰ ਹੈ ਪਰ ਪੰਜਾਬੀਆਂ ਵਿਚ ਪੁਸਤਕ-ਸਭਿਆਚਾਰ ਦੀ ਘਾਟ ਹੈ।
ਪ੍ਰੋ. ਭੋਗਲ ਨੇ ਕਿਹਾ,”ਪ੍ਰਕਾਸ਼ਕ ਗਿਲਾ ਕਰਦੇ ਹਨ ਕਿ ਪਾਠਕਾਂ ਦੀ ਘਾਟ ਹੈ ਜਦ ਕਿ ਪਾਠਕ ਕਹਿੰਦੇ ਹਨ ਕਿ ਚੰਗੀਆਂ ਪੁਸਤਕਾਂ ਪੜ੍ਹਨ ਨੂੰ ਘਟ ਮਿਲਦੀਆਂ ਹਨ।ਲੋੜ ਹੈ ਪੁਸਤਕ-ਵੰਡ ਪ੍ਰਣਾਲੀ ਅਤੇ ਪਾਠਕਾਂ ਵਿਚਲੀ ਵਿੱਥ(ਗੈਪ) ਘਟਾਉਣ ਦੀ”।
ਉਹਨਾਂ ਕਿਹਾ ਕਿ ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ।“ਮੈ ਅਜੇ ਵੀ ਹਰ ਰੋਜ਼ ਇਕ ਡੇੜ ਘੰਟਾ ਪੜ੍ਹਦਾ ਹਾਂ,” ਉਹਨਾਂ ਦਸਿਆ। ਅੰਤ ਵਿਚ ਉਹਨਾਂ ਨੇ ਟਰੱਸਟ ਅਤੇ ਸਭਾ ਦੇ ਪ੍ਰਬੰਧਕਾਂ ਦਾ ਉਹਨਾਂ ਨੂੰ ਸਨਮਾਨਤ ਕਰਨ ਲਈ ਧੰਨਵਾਦ ਕੀਤਾ।ਇਸ ਮੌਕੇ ਉਹਨਾਂ ਬੜੇ ਭਾਵ-ਪੂਰਨ ਲਹਿਜੇ ‘ਚ ਆਪਣੀ ਜੰਮਣ-ਭੌਂਅ ਇਤਿਹਾਸਕ ਪਿੰਡ ਪਲਾਹੀ ਨਾਲ ਜੁੜੀਆਂ ਆਪਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਹਨਾਂ ਦੇ ਐਨ.ਆਰ.ਆਈ. ਸਪੁੱਤਰ ਪ੍ਰੇਮ ਪਾਲ ਸਿੰਘ ਭੋਗਲ, ਪੰਜਾਬੀ ਲੇਖਕ ਐਸ.ਐਲ.ਵਿਰਦੀ,ਪਰਵਿੰਦਰਜੀਤ ਸਿੰਘ,ਸਰਪੰਚ ਸੁਖਵਿੰਦਰ ਸਿੰਘ ਹਾਜ਼ਰ ਸਨ।