ਕਹਾਣੀਕਾਰ ਸੁਖਜੀਤ ਨੂੰ ਕੀਤਾ ਯਾਦ
ਪੰਚਕੂਲਾ, 5 ਮਾਰਚ 2024 - ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕਾਦਮੀ ਵੱਲੋਂ ਪਿਛਲੇ ਦਿਨੀਂ ਵਿਛੜ ਗਏ ਉੱਘੇ ਲੇਖਕ ਸੁਖਜੀਤ ਦੀ ਯਾਦ ਵਿੱਚ ਇਕ ਸਾਹਿਤਕ ਪ੍ਰੋਗਰਾਮ ਕਰਵਾਇਆ ਗਿਆ, ਇਸ ਮੌਕੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਸਾਹਿਤਕਾਰਾਂ ਨੇ ਸੁਖਜੀਤ ਦੇ ਸਾਹਿਤਕ ਯੋਗਦਾਨ ਨੂੰ ਰੇਖਾਂਕਿਤ ਕੀਤਾ।ਸੁਖਜੀਤ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਜਪੁਜੀਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਸੁਖਜੀਤ ਨੂੰ ਯਾਦ ਕਰਦਿਆਂ ਅਕਾਦਮੀ ਦੇ ਕਾਰਜਕਾਰੀ ਮੀਤ ਪ੍ਰਧਾਨ ਡਾ: ਕੁਲਦੀਪ ਚੰਦ ਅਗਨੀਹੋਤਰੀ ਨੇ ਕਿਹਾ ਕਿ ਸੁਖਜੀਤ ਜੀ ਦਾ ਸਦੀਵੀ ਵਿਛੋੜਾ ਪਰਿਵਾਰ ਲਈ ਅਸਹਿ ਹੈ ਪਰ ਉਹ ਸਾਹਿਤ ਜਗਤ ਵਿੱਚ ਸਦਾ ਲਈ ਅਮਰ ਹੋ ਗਏ ਹਨ, ਉਨਾਂ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਹੀ ਨਹੀਂ ਸਗੋਂ ਭਾਰਤੀ ਸਾਹਿਤ ਵਿੱਚ ਵੀ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਰਹੇਗਾ। ਉੱਘੇ ਲੇਖਕ ਨਿੰਦਰ ਘੁਗਿਆਣਵੀ ਨੇ ਸੁਖਜੀਤ ਨਾਲ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਇੱਕ ਬਹੁ-ਆਯਾਮੀ ਅਤੇ ਨਿਡਰ ਵਿਅਕਤੀ ਸੀ, ਜਿਸ ਨੇ ਆਪਣੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਉੱਚੀਆਂ ਉਚਾਈਆਂ ਤੱਕ ਪਹੁੰਚਣ ਲਈ ਪ੍ਰੇਰਿਤ ਅਤੇ ਊਰਜਾ ਦਿੰਦਾ ਰਿਹਾ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ: ਬਲਜੀਤ ਸਿੰਘ ਨੇ ਕਿਹਾ ਕਿ ਜਦੋਂ ਲੇਖਕ ਸਮਾਜ ਦੀ ਵੇਦਨਾ ਨੂੰ ਜਾਣ ਕੇ ਜੋ ਸੰਵੇਦਨਾ ਮਹਿਸੂਸ ਕਰਦਾ ਹੈ ਤਾਂ ਉਹ ਉਸ ਨੂੰ ਆਪਣੇ ਸਾਹਿਤ ਵਿਚ ਸਥਾਨ ਦਿੰਦਾ ਹੈ ਅਤੇ ਲੇਖਕ ਧਰਮ, ਜਾਤ ਅਤੇ ਖੇਤਰ ਦੀਆਂ ਹੱਦਾਂ ਤੋਂ ਉੱਪਰ ਉੱਠ ਜਾਂਦਾ ਹੈ |
ਡਾ: ਨਰੇਸ਼ ਨੇ ਆਖਿਆ ਕਿ ਉਨ੍ਹਾਂ ਦੇ ਸੰਪਰਕ 'ਚ ਆਉਣ ਤੋਂ ਬਾਅਦ ਇਹ ਅਹਿਸਾਸ ਹੋਇਆ ਕਿ ਉਹ ਅਜਿਹੀ ਚੁੰਬਕੀ ਸ਼ਖਸੀਅਤ ਦੇ ਮਾਲਕ ਸਨ ਜੋ ਵੀ ਉਨ੍ਹਾਂ ਨੂੰ ਇਕ ਵਾਰ ਮਿਲ ਲੈਂਦਾ ਸੀ, ਉਹ ਉਨ੍ਹਾਂ ਨੂੰ ਦੁਬਾਰਾ ਮਿਲਣ ਲਈ ਤਾਂਘਦਾ ਸੀ। ਚਿੰਤਕ ਜਸਬੀਰ ਸਿੰਘ ਮਹੇ ਨੇ ਕਿਹਾ ਕਿ ਉਹ ਇੱਕ ਬਹੁਪੱਖੀ ਪ੍ਰਤਿਭਾ ਦੇ ਮਾਲਕ ਅਤੇ ਬਹੁਤ ਵਧੀਆ ਬੁਲਾਰੇ ਸਨ ਜੋ ਕਿਸੇ ਵੀ ਵਿਸ਼ੇ 'ਤੇ ਆਪਣੇ ਵਿਚਾਰ ਸੁਚੱਜੇ ਢੰਗ ਨਾਲ ਪੇਸ਼ ਕਰਦੇ ਸਨ। ਅਕਾਦਮੀ ਦੇ ਸਾਬਕਾ ਡਾਇਰੈਕਟਰ ਡਾ: ਸਾਹਿਬ ਸਿੰਘ ਅਰਸ਼ੀ ਨੇ ਕਿਹਾ ਕਿ ਉਨ੍ਹਾਂ ਦੀਆਂ ਕਹਾਣੀਆਂ ਦੇ ਸਿਰਲੇਖਾਂ ਨੂੰ ਸਮਝਣ ਲਈ ਸਮੁੱਚੀ ਕਹਾਣੀ ਨੂੰ ਪੜ੍ਹਨਾ ਤੇ ਸਮਝਣਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਸੁਖਜੀਤ ਨੇ ਆਪਣੀਆਂ ਕਹਾਣੀਆਂ ਵਿੱਚ ਸਮਾਜ ਦੀਆਂ ਬੁਰਾਈਆਂ ਨੂੰ ਬਹੁਤ ਵਧੀਆ ਢੰਗ ਨਾਲ ਉਜਾਗਰ ਕੀਤਾ। ਇਸ ਮੌਕੇ ਗੁਰਦਾਸ ਸਿੰਘ ਦਾਸ ਨੇ ਤੂੰਬੀ ਰਾਹੀਂ ਕਵਿਤਾ ‘ਤੂੰਬਾ ਜ਼ਿੰਦਗੀ ਦਾ ਸਦਾ ਨੀ ਵਜਦਾ ਰਹਿਣਾ’ ਗਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸ਼ਰਧਾਂਜਲੀ ਸਭਾ ਵਿੱਚ ਰਮਣੀਕ ਸਿੰਘ ਮਾਨ, ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ, ਡਾ. ਬਲਜੀਤ ਵਾਈਸ ਪ੍ਰਿੰਸੀਪਲ, ਸੁਖਚੈਨ ਸਿੰਘ ਭੰਡਾਰੀ, ਗੁਰਬਖਸ਼ ਸਿੰਘ ਸੈਣੀ, ਗੁਰਦਾਸ ਸਿੰਘ ਦਾਸ, ਬੀ. ਡੀ ਕਾਲੀਆ, ਸੁਦੇਸ਼ ਮੌਦਗਿਲ ਨੂਰ, ਐਸ. ਡੀ. ਸ਼ਰਮਾ, ਡਾ. ਗੁਰਦਰਪਾਲ ਸਿੰਘ, ਗੱਜਣਵਾਲਾ ਸੁਖਮਿੰਦਰ ਸਿੰਘ, ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਹਰਿਆਣਾ ਦੇ ਸਾਬਕਾ ਡੀ.ਜੀ.ਪੀ., ਬੀ.ਐਸ. ਸੰਧੂ ਸਮੇਤ ਕਈ ਪਤਵੰਤਿਆਂ ਨੇ ਸ਼ਿਰਕਤ ਕੀਤੀ।