ਚੰਡੀਗੜ੍ਹ, 4 ਅਪ੍ਰੈਲ 2021 : ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਉਘੇ ਲੋਕ ਗਾਇਕ ਜਨਾਬ ਸ਼ੌਕਤ ਅਲੀ ਨੂੰ ਸ਼ਰਧਾਂਜ਼ਲੀ ਭੇਟ ਕਰਦਿਆਂ ਆਖਿਆ ਹੈ ਕਿ ਸ਼ੌਕਤ ਅਲੀ ਦੇ ਵਿਛੋੜੇ ਨਾਲ ਦੋਵੇਂ ਪੰਜਾਬਾਂ ਵਿਚ ਸਾਫ ਸੁਥਰੀ ਗਾਇਕੀ ਦਾ ਵਿਹੜਾ ਸੁੰਨਾ ਹੋ ਗਿਆ ਹੈ। ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸ਼ੌਕਤ ਸਾਹਬ ਵਰਗੇ ਫਨਕਾਰ ਕਿਸੇ ਇਕ ਖਿੱਤੇ ਜਾਂ ਮੁਲਕ ਦੇ ਹੀ ਨਹੀਂ ਸਗੋਂ ਉਹ ਮਨੁੱਖਤਾ ਦੇ ਸਾਂਝੇ ਤੇ ਹਰਮਨ ਪਿਆਰੇ ਹੋਇਆ ਕਰਦੇ ਹਨ। ਉਨਾ ਆਖਿਆ ਕਿ ਸ਼ੌਕਤ ਅਲੀ ਦੋਵਾਂ ਪੰਜਾਬਾਂ ਵਿਚ ਇਕੋ ਜਿੰਨੇ ਪਿਆਰੇ ੲਨ ਤੇ ਉਨਾ ਦੇ ਮਿੱਠੇ ਗੀਤ ਹਮੇਸ਼ਾ ਮਨਾਂ ਨੂੰ ਟੁੰਬਦੇ ਸਨ, ਜੋ ਹਮੇਸ਼ਾ ਅਮਰ ਰਹਿਣਗੇ।
ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਸ਼ੌਕਤ ਅਲੀ ਰੂਹ ਵਿਚ ਭਿੱਜ ਕੇ ਗਾਉਣ ਵਾਲਾ ਗਾਇਕ ਸੀ ਤੇ ਉਸਨੇ ਹਮੇਸ਼ਾ ਲੋਕ ਰੰਗ ਵਿਚ ਰੰਗੇ ਗੀਤ ਗਾਏ। ਹੀਰ ਦਾ ਗਾਇਨ ਕਰਨ ਵਿਚ ਵੀ ਸ਼ੌਕਤ ਸਾਹਬ ਦਾ ਆਪਣਾ ਨਿਵੇਕਲਾ ਰੰਗ ਸੀ।
ਪੰਜਾਬ ਸਰਕਾਰ ਦੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਵੀ ਸ਼ੌਕਤ ਸਾਹਬ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸ਼ੌਕਤ ਅਲੀ ਦੀ ਸ਼ਖਸੀਅਤ ਦੇ ਕਈ ਪੱਖ ਸਨ। ਉਹ ਅੰਤਾਂ ਦੇ ਮਿਲਾਪੜੇ ਤੇ ਦਿਲਚਸਪ ਮਨੁੱਖ ਸਨ ਤੇ ਗੀਤ ਸੰਗੀਤ ਉਨਾ ਵਾਸਤੇ ਬੰਦਗੀ ਕਰਨ ਦੇ ਬਰਾਬਰ ਸੀ। ਅਜ ਪੰਜਾਬ ਕਲਾ ਪਰਿਸ਼ਦ ਉਨਾ ਦੇ ਵਿਛੋੜੇ ਉਤੇ ਉਨਾ ਦੀ ਘਾਲਣਾ ਨੂੰ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਅਧਿਕਾਰੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।