ਡਾਇਰੀ ਉਦਾਸ ਹੈ। ਬੋਲੀ, ਲਿਖ ਮੇਰਾ ਪੰਨਾ..। ਪੰਨਾ ਪਲਟਿਆ। ਸਾਫ ਹੀ ਮੁੱਕਰ ਗਿਆ, "ਨਾ ਲਿਖੀਂ ਕੁਝ ਵੀ ..ਮਨ ਨਹੀਂ ਮੰਨਦਾ ਮੇਰਾ ਅੱਜ।" ਕਲਮ ਨੂੰ ਪੁੱਛਿਆ, ਜੁਆਬ ਮਿਲਿਆ, " ਸਿਆਹੀ ਨਹੀਂ ਹੈ, ਨਾ ਸਾਹ ਹੈ, ਕੇਹੜੇਂ ਸ਼ਬਦੀਂ ਲਿਖੇਂਗਾ ਮੈਨੂੰ..ਚੁੱਪ ਕਰ ਰਹਿ..ਅੱਖਰ ਵੀ ਮੂੰਹ ਫੇਰ ਗਏ।" ਬਾਹਰ ਕਰਫਿਊ ਹੈ। ਸਹਿਮ ਦਾ ਸਾਇਆ ਹੈ। ਅਣਹੋਣੀਆ ਖਬਰਾਂ ਮੋਇਆਂ ਦੀਆਂ ਸੁਨੌਣੀਆ ਲੈਕੇ ਆ ਰਹੀਆਂ ਨੇ। ਗਲੀ-ਗਲੀ ਗ਼ਮ ਹੈ। ਮੁਸੀਬਤ ਮਾਰਿਆ ਹੀ ਕੋਈ ਘਰੋਂ ਨਿੱਕਲ ਰਿਹੈ। ਮਨਾਂ ਦੇ ਬੂਹਿਆਂ ਨਾਲ ਘਰਾਂ ਦੇ ਬੂਹੇ ਵੀ ਬੰਦ ਨੇ। ਸਮਸ਼ਾਨਘਾਟ ਦੇ ਬੂਹੇ ਬੰਦ ਕਰਨ ਦੀ ਤਿਆਰੀ ਹੈ।
ਵਾਹ ਓ ਅਣਖੀ ਪੰਜਾਬੀਓ,ਕੀ ਹੋ ਗਿਐ ਅਸਾਂ ਨੂੰ? ਡਾਇਰੀ, ਪੰਨਾ, ਕਲਮ ਤੇ ਅੱਖਰ, ਚਾਰਾਂ ਨੂੰ ਉਦਾਸ ਦੇਖ ਮੈਂ ਵੀ ਉਦਾਸ ਹੋ ਗਿਆ ਡਾਹਢਾ ਉਦਾਸ ਪਰ ਭਾਈ ਸਾਹਿਬ, ਤੁਸੀਂ ਉਦਾਸ ਨਾ ਹੋਣਾ! ਅਸੀਂ ਤੁਹਾਨੂੰ ਮਨਾਂ 'ਚੋਂ ਨਹੀਂ ਵਿਸਾਰ ਸਕਾਂਗੇ। ਪਲ-ਪਲ ਚੇਤੇ ਕਰਾਂਗੇ। ਆਪ ਦੀ ਟੂਣੇਹਾਰੀ ਆਵਾਜ਼ ਸਦਾ ਸਾਡੇ ਅੰਗ ਸੰਗ ਰਹੇਗੀ..ਕੰਨਾਂ ਦੇ ਕੋਲ ਕੋਲ਼..ਦਿਲਾਂ ਦੇ ਨਾਲ ਨਾਲ। ਅੰਮ੍ਰਿਤ ਵੇਲੇ ਬੰਬੀਹੇ ਦੇ ਬੋਲਣ ਵਾਲਾ ਆਪ ਦਾ ਗਾਇਆ ਸ਼ਬਦ ਸਾਨੂੰ ਤੁਹਾਡੇ ਲਾਗੇ ਲਾਗੇ ਹੋਣ ਦਾ ਅਹਿਸਾਸ ਕਰਵਾਉਂਦਾ ਰਹੇਗਾ। ਜਿਵੇਂ ਹੋਇਐ, ਜੋ ਹੋਇਐ, ਜਿੱਥੇ ਹੋਇਆ, ਇਉਂ ਹੋਣਾ ਨਹੀਂ ਸੀ ਚਾਹੀਦਾ। ਕੁਦਰਤ ਅੱਗੇ ਕੇਹਦਾ ਜ਼ੋਰ? ਤੁਸੀਂ ਕੁਦਰਤ ਤੇ ਕਾਦਰ ਨੂੰ ਬੇਹੱਦ ਪਿਆਰ ਕਰਦੇ ਸੀ..ਇੱਕ ਮਿੱਕ ਸੀ ਤੁਸੀਂ ਕੁਦਰਤ ਨਾਲ। ਕਾਦਰ ਦੀਆਂ ਵਡਿਆਈਆਂ ਗਾਉਂਦੇ ਸੀ।
ਅੱਜ ਚੇਤੇ ਆਇਆ ਕਿ ਨਿੱਕੇ ਹੁੰਦੇ ਨੇ ਮੈਂ ਆਪਣੇ ਪਿੰਡਾਂ ਦੀਆਂ ਗਲੀਆਂ 'ਚੋਂ ਕਿਸੇ ਸਿਆਣੀ ਉਮਰ ਦੇ ਮਨੁੱਖ ਮੂੰਹੋਂ ਸੁਣਿਆ ਸੀ, "ਕਦੇ ਮੜੀ੍ਹਆਂ ਨੂੰ ਵੀ ਜੰਦਰੇ ਵੱਜੇ ਐ ਉਏ..?" ਇਹ ਆਖਿਆ ਓਸ ਸਿਆਣੇ ਦਾ, ਕਦੇ ਮਨ ਦੀ ਚਿੱਪ 'ਚੋਂ ਡੀਲੀਟ ਨਹੀਂ ਹੋਇਆ ਪਰ ਮੜ੍ਹੀਆਂ ਜੰਦਰੇ ਜ਼ਰੂਰ ਵੱਜ ਗਏ ਨੇ! ਕਲਯੁਗ ਨਹੀਂ ਤੇ ਹੋਰ ਕੀ ਹੈ? ਤੁਸੀਂ ਗਾਇਆ ਕਰਦੇ ਸੀ-ਕਲਯੁਗ ਮੇਂ ਕੀਰਤਨ ਪਰਧਾਨਾ ਗੁਰਮੁਖ ਜਪਿਓ ਲਾਏ ਧਿਆਨਾ। ਜੋ ਹੋਇਆ,ਕਦੇ ਚਿਤਵਿਆ ਵੀ ਨਹੀਂ ਹੋਣਾ ਤੁਸਾਂ। ਬੰਦਾ ਜੋ ਚਿਤਵਦਾ ਹੈ, ਹੁੰਦਾ ਨਹੀਂ। ਜੋ ਹੁੰਦਾ ਹੈ, ਉਹ ਚਿਤਵਦਾ ਨਹੀਂ। ਸੰਸਾਰ ਭਰ ਵਿਚ ਨਿੰਦਾ ਹੋਈ ਹੋਏ ਇਸ 'ਅਣਹੋਏ' ਦੀ! ਗੁਰਦਾਸ ਮਾਨ ਨੇ ਗਾਇਆ ਸੀ ਦੇਰ ਪਹਿਲਾਂ, ਇਹ ਬੋਲ ਸਦੀਵੀ ਛਾਪ ਛੱਡ ਗਏ ਸਨ ਮਨ ਦੇ ਚਿਤਰਪਟ ਉਤੇ: ਛੱਡ ਦਿਲਾ, ਦਿਲ ਦੇ ਕੇ ਰੋਗ ਲੁਵਾ ਲਏਂਗਾ ਬੇਕਦਰੇ ਲੋਕਾਂ ਵਿਚ ਕਦਰ ਗੁਆ ਲਏਂਗਾ ਸੰਸਾਰ ਤੋਂ ਸਰੀਰਕ ਤੌਰ 'ਤੇ ਆਪ ਚਲੇ ਗਏ ਓ, ਤਾਂ ਲੋਕਾਂ ਨੇ ਏਨੀ ਵੱਡੀ ਤਦਾਦ ਵਿਚ ਆਪ ਨੂੰ ਮੁੜ ਸੁਣਨਾ ਸ਼ੁਰੂ ਕੀਤਾ ਹੈ। ਜੇਹੜੇ ਹੁਣ ਜਾਨਣ ਲੱਗੇ ਨੇ, ਬੰਦੇ ਦੇ ਤੁਰ ਜਾਣ ਦੇ ਬਾਅਦ, ਮਨ ਮਸੋਸ ਕੇ ਕਹਿੰਦੇ ਨੇ ਕਿ ਇੱਕ ਅਨਮੋਲ ਹੀਰਾ ਖੋ ਗਿਆ ਹੈ। ਪਹਿਲਾਂ ਕਿਓਂ ਨਾ ਸੁਣਿਆ? ਸਾਡੇ ਪੰਜਾਬੀਆਂ ਦੀ ਇਹੋ ਤਰਾਸਦੀ ਰਹੀ ਹੈ ਕਿ ਅਸੀਂ ਤੁਰ ਜਾਣ ਦੇ ਬਾਅਦ ਕੀਰਨੇ ਪਾਉਂਦੇ ਹਾਂ। ਭੁੱਲਣ ਤੇ ਗੁਆਣ ਲੱਗੇ ਪਲ ਨਹੀਂ ਲਾਉਂਦੇ! ਮੈਂ ਫਿਰ ਆਖਦਾ ਹਾਂ, "ਭਾਈ ਸਾਹਿਬ, ਉਦਾਸ ਨਾ ਹੋਣਾ"।
ਅਸੀਂ ਚੀਨੀ ਜੀਵ ਨਹੀਂ
ਗਰਮੀ ਰੁੱਤ ਦੀਆਂ ਉਗਾਈਆਂ ਸਬਜੀਆਂ ਦੀਆਂ ਵੱਲਾਂ-ਵੇਲਾਂ ਵੇਖਣ ਅੱਜ ਆਥਣੇ ਗਿਆ, ਤਾਂ ਕੱਦੂਆਂ ਦੀ ਵਧ ਰਹੀ ਵੇਲ ਵੱਲ ਦੇਖਿਆ। ਚਿਟਮ -ਚਿੱਟੀਆਂ ਦੋ ਕੋਮਲ ਜਿੰਦਾਂ ਹਰੇ ਭਰੇ ਪੱਤੇ ਉਤੇ ਬੈਠੀਆਂ ਦਿਸੀਆਂ। ਫਿਕਰ ਪਿਆ ਕਿ ਏਹ ਕਿਥੋਂ ? ਫੂਕ ਮਾਰੀ, ਲਾਗੇ ਮੂੰਹ ਕਰਕੇ।ਨਹੀਓਂ ਉਡੀਆਂ। ਜਿਵੇਂ ਰਲਕੇ ਬੋਲੀਆਂ, "ਅਸੀ ਤਾਂ ਪੰਜਾਬਣ ਤਿਤਲੀਆਂ ਆਂ, ਪਛਾਣ ਤਾਂ ਸਾਨੂੰ? ਅਸੀਂ ਚੀਨੀ ਜੀਵ ਨਹੀਂ ਆਂ,ਨਾ ਡਰ ਸਾਥੋਂ। ਨਾ ਉਡਾ ਅਸਾਨੂੰ, ਉਡ ਜਾਣਾ ਅਸਾਂ ਆਪਣੀ ਮਹਿਕ ਖਿਲਾਰ ਆਪੇ, ਸਾਡਾ ਵੇਲਾ ਵੀ ਹੁਣ ਆਇਆ ਏ ਜਦ ਵਾਤਾਵਰਣ ਨੇ ਸੁਖ ਦਾ,ਸਾਹ ਭਰਿਆ। ਪੰਛੀਆਂ,ਪਰਿੰਦਿਆਂ, ਨੂੰ ਉਡਣਾ ਤੇ ਚਹਿਕਣਾ ਭਾਇਆ ਏ। ਰੁਖਾਂ,ਵੱਲਾਂ ਤੇ ਵੇਲਾਂ ਨੇ ਸਾਨੂੰ ਹਾਕ ਮਾਰੀ ਏ।" ਮੋਬਾਈਲ ਕੱਢਿਆ। ਫੋਟੋ ਖਿੱਚੀ। ਨਹੀਂ ਉੱਡੀਆਂ ਤਿਤਲੀਆਂ। ਚੀਨੀ ਜੀਵਾਂ ਤੋਂ ਡਰਦੀਆਂ। ਹਉਕੇ ਭਰਦੀਆਂ। ਕੱਲ ਤੋਂ ਵੇਲਾਂ ਵੱਲ ਨਹੀਂ ਵੇਖਣਾ। ਕੋਈ ਹੋਰ ਜੀਵ ਨਾ ਆਏ ਹੋਣ ਤਿੱਤਲੀਆਂ ਪਿਛੇ ਉਡਕੇ ਚੀਨ ਵਾਲੇ ਪਾਸਿਓਂ!! ਰਬ ਖੈਰ ਕਰੇ!!