ਡਾ. ਰਮਨਦੀਪ ਸਿੰਘ ਪੀ.ਏ.ਯੂ. ਦੇ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਨਿਰਦੇਸ਼ਕ ਬਣੇ
ਲੁਧਿਆਣਾ 28 ਮਾਰਚ 2023 - ਖੇਤੀ ਕਾਰੋਬਾਰ ਮਾਹਿਰ ਡਾ. ਰਮਨਦੀਪ ਸਿੰਘ ਨੂੰ ਪੀ.ਏ.ਯੂ. ਦੇ ਸਕੂਲ ਆਫ ਬਿਜਨਸ ਸਟੱਡੀਜ਼ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ| ਉਹਨਾਂ ਨੇ ਬੀ.ਐਸ.ਸੀ. (ਜੰਗਲਾਤ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਐਮ.ਬੀ.ਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੀ.ਐਚ.ਡੀ. ਦੀ ਡਿਗਰੀ ਹਾਸਲ ਕੀਤੀ | ਉਹ ਜਨਵਰੀ 1995 ਵਿੱਚ ਸਹਾਇਕ ਪ੍ਰੋਫੈਸਰ ਵਜੋਂ ਪੀ.ਏ.ਯੂ. ਦਾ ਹਿੱਸਾ ਬਣੇ | ਉਹਨਾਂ ਦੀ ਮੁਹਾਰਤ ਦਾ ਖੇਤਰ ਮੰਡੀਕਰਨ ਪ੍ਰਬੰਧਨ, ਖੇਤੀ-ਵਪਾਰ ਪ੍ਰਬੰਧਨ, ਕਾਰੋਬਾਰੀ ਉੱਦਮ ਅਤੇ ਮਨੁੱਖੀ ਸਰੋਤ ਪ੍ਰਬੰਧਨ ਨਾਲ ਸਬੰਧਤ ਅਧਿਆਪਨ, ਪਸਾਰ ਅਤੇ ਖੋਜ ਗਤੀਵਿਧੀਆਂ ਰਹੀਆਂ ਹਨ |
ਡਾ. ਰਮਨਦੀਪ ਸਿੰਘ ਨੇ ਖੇਤੀ ਮੰਡੀਕਰਨ ਦੀ ਰਣਨੀਤੀ ਦੇ ਨਾਲ-ਨਾਲ ਕਿਸਾਨਾਂ ਲਈ ਥੋਕ ਅਤੇ ਪ੍ਰਚੂਨ ਰੂਪ ਵਿੱਚ ਖੇਤੀ ਜਿਣਸਾਂ ਅਤੇ ਉਤਪਾਦਾਂ ਦੀ ਵਿਕਰੀ ਅਤੇ ਕਾਰੋਬਾਰ ਤੋਂ ਇਲਾਵਾ ਖੇਤੀ ਖੇਤਰ ਵਿੱਚ ਕਾਰੋਬਾਰੀ ਉੱਦਮ ਅਤੇ ਪੇਂਡੂ ਇਲਾਕਿਆਂ ਵਿੱਚ ਜਿਣਸਾਂ ਤੋਂ ਉਤਪਾਦ ਬਨਾਉਣ ਦੀ ਵੰਡ ਲੜੀ ਦਾ ਢਾਂਚਾ ਵਿਕਸਿਤ ਕੀਤਾ | ਉਹਨਾਂ ਨੇ ਇਸ ਸੰਬੰਧ ਵਿੱਚ 36 ਵੱਖ-ਵੱਖ ਕੋਰਸਾਂ ਦਾ ਅਧਿਆਪਨ ਕੀਤਾ | 75 ਐੱਮ ਬੀ ਏ ਅਤੇ 6 ਪੀ ਐੱਚ ਡੀ ਵਿਦਿਆਰਥੀਆਂ ਦੀ ਅਗਵਾਈ ਕਰਨ ਤੋਂ ਇਲਾਵਾ ਉਹ ਸਹਿਯੋਗੀ ਵਿਭਾਗਾਂ ਵਿੱਚ 80 ਤੋਂ ਵੱਧ ਵਿਦਿਆਰਥੀਆਂ ਦੀ ਸਲਾਹਕਾਰ ਕਮੇਟੀ ਦੇ ਮੈਂਬਰ ਹਨ ਅਤੇ ਕਾਲਜ ਪੱਧਰ ਅਤੇ ਵਿਭਾਗ ਪੱਧਰ ’ਤੇ ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਪ੍ਰਤੀਨਿਧ ਵਜੋਂ ਸੇਵਾ ਨਿਭਾਉਂਦੇ ਰਹੇ ਹਨ|
ਡਾ. ਰਮਨਦੀਪ ਸਿੰਘ ਨੇ 40 ਖੋਜ ਪੱਤਰ, ਸਮੀਖਿਆ ਪੱਤਰ, ਕਾਨਫਰੰਸ ਪੇਪਰ ਅਤੇ ਨਾਮਵਰ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਰਸਾਲਿਆਂ ਵਿੱਚ ਇੱਕ ਖੋਜ ਰਿਪੋਰਟ, 4 ਬੁਲੇਟਿਨ, ਸਿਖਲਾਈ ਮੈਨੂਅਲ ਵਿੱਚ 9 ਚੈਪਟਰ, 8 ਕਿਤਾਬਾਂ ਦੇ ਅਧਿਆਏ ਅਤੇ 43 ਪਸਾਰ ਲੇਖ ਪ੍ਰਕਾਸ਼ਿਤ ਕੀਤੇ ਹਨ| ਇਸ ਤੋਂ ਇਲਾਵਾ ਉਹਨਾਂ ਨੇ 25 ਟੀਵੀ ਭਾਸ਼ਣ, 20 ਛੋਟੇ ਪ੍ਰਚਾਰ ਵੀਡੀਓ ਅਤੇ 18 ਰੇਡੀਓ ਭਾਸਣ ਦਿੱਤੇ ਹਨ| ਇੱਕ ਸਰੋਤ ਵਿਅਕਤੀ ਵਜੋਂ ਉਹਨਾਂ ਨੇ ਵੱਖ-ਵੱਖ ਸਮੂਹਾਂ ਨੂੰ 500 ਤੋਂ ਵੱਧ ਭਾਸ਼ਣ ਦਿੱਤੇ ਹਨ, ਜਿਨ੍ਹਾਂ ਵਿੱਚ ਪੇਂਡੂ ਨੌਜਵਾਨਾਂ, ਔਰਤਾਂ, ਅਗਾਂਹਵਧੂ ਕਿਸਾਨ, ਖੇਤੀ ਵਪਾਰੀ, ਨੀਤੀ ਨਿਰਮਾਤਾ ਅਤੇ ਪ੍ਰਸ਼ਾਸਕ ਸ਼ਾਮਲ ਸਨ| ਉਹਨਾਂ ਨੇ ਲਗਭਗ 30 ਸਿਖਲਾਈ ਸੈਸ਼ਨਾਂ ਲਈ ਉੱਦਮੀ ਵਿਕਾਸ ਪ੍ਰੋਗਰਾਮਾਂ ਦੇ ਤਕਨੀਕੀ ਕੋਆਰਡੀਨੇਟਰ ਵਜੋਂ ਕੰਮ ਕੀਤਾ ਹੈ|
ਉਹਨਾਂ ਨੇ ਉਤਪਾਦ ਅਤੇ ਮੰਡੀਕਰਨ ਦੇ ਵਿਕਾਸ ਰਾਹੀਂ ਖੇਤੀ ਉੱਦਮ ਨੂੰ ਉਤਸ਼ਾਹਿਤ ਕੀਤਾ ਹੈ| 15 ਵਟਸਐੱਪ ਕਮੋਡਿਟੀ ਗਰੁੱਪਾਂ, 8 ਫੇਸਬੁੱਕ ਪੇਜਾਂ ਅਤੇ ਯੂਟਿਊਬ ਚੈਨਲਾਂ ਰਾਹੀਂ ਪੀਏਯੂ ਤਕਨੀਕਾਂ ਦਾ ਪ੍ਰਸਾਰ ਕਰਨ ਦੇ ਨਾਲ-ਨਾਲ ਖੇਤੀ ਕਾਰੋਬਾਰ ਉੱਦਮੀਆਂ ਨਾਲ ਸ਼ੋਸ਼ਲ ਮੀਡੀਆ ਉੱਪਰ ਲਗਾਤਾਰ ਸਰਮਗਰ ਰਹਿਣ ਵਾਲੇ ਡਾ. ਰਮਨਦੀਪ ਸਿੰਘ ਆਪਣੇ ਖੇਤਰ ਵਿੱਚ ਹਰਮਨ ਪਿਆਰੇ ਮਾਹਿਰ ਵਜੋਂ ਜਾਣੇ ਜਾਂਦੇ ਹਨ |
ਉਹ ਪੀ.ਏ.ਯੂ. ਦੇ ਸਾਬਕਾ ਹੈਂਡਬਾਲ ਖਿਡਾਰੀ ਰਹੇ ਅਤੇ ਇਸ ਨਾਤੇ ਉਹਨਾਂ ਨੂੰ ਯੂਨੀਵਰਸਿਟੀ ਕਲਰ ਨਾਲ ਸਨਮਾਨਿਆ ਗਿਆ | ਡਾ. ਰਮਨਦੀਪ ਪੀ.ਏ.ਯੂ. ਦੀਆਂ ਵੱਖ-ਵੱਖ ਖੇਡ ਕਮੇਟੀਆਂ ਨਾਲ ਜੁੜੇ ਰਹੇ ਜਿਨ੍ਹਾਂ ਵਿੱਚ ਪੀ.ਏ.ਯੂ. ਦੀ ਖੇਡ ਕਮੇਟੀ ਦੇ ਪ੍ਰਧਾਨ ਬੇਸਿਕ ਸਾਇੰਸਜ਼ ਖੇਡ ਕਮੇਟੀ ਦੇ ਪ੍ਰਧਾਨ ਅਤੇ ਪੀ.ਏ.ਯੂ. ਹੈਂਡਬਾਲ ਕਮੇਟੀ ਦੇ ਪ੍ਰਧਾਨ ਦੀਆਂ ਜ਼ਿੰਮੇਵਾਰੀਆਂ ਸ਼ਾਮਿਲ ਹਨ | ਉਹਨਾਂ ਨੇ ਖੇਤੀ ਕਾਰੋਬਾਰ ਮਾਹਿਰ ਵਜੋਂ ਸਕੂਲ ਆਫ਼ ਬਿਜ਼ਨਸ ਸਟੱਡੀਜ਼ ਦੇ ਸੰਬੰਧ ਵੱਖ-ਵੱਖ ਸੰਸਥਾਵਾਂ ਅਤੇ ਕਮੇਟੀਆਂ ਨਾਲ ਬਹੁਤ ਮਜ਼ਬੂਤ ਬਨਾਉਣ ਵਿੱਚ ਭੂਮਿਕਾ ਨਿਭਾਈ |
ਯੂਨੀਵਰਸਟੀ ਪ੍ਰਸ਼ਾਸਨ ਵਿੱਚ ਉਹ ਡਿਪਟੀ ਡਾਇਰੈਕਟਰ (ਖੇਡਾਂ), ਡਿਪਟੀ ਡਾਇਰੈਕਟਰ (ਲੋਕ ਸੰਪਰਕ) ਅਤੇ ਖੇਤੀ ਕਾਰੋਬਾਰ ਦੇ ਵਾਧੇ ਲਈ ਵਿਸ਼ੇਸ਼ ਅਧਿਕਾਰੀ ਤੋਂ ਇਲਾਵਾ ਯੂਨੀਵਰਸਿਟੀ ਗੈਸਟ ਹਾਊਸ ਦੇ ਵਾਰਡਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਹੋਸਟਲ ਦੇ ਵਾਰਡਨ ਦੇ ਨਾਲ-ਨਾਲ ਕੈਰੋਂ ਕਿਸਾਨ ਘਰ ਦੇ ਇੰਚਾਰਜ਼ ਵੀ ਰਹੇ |