ਵਿੱਦਿਅਕ ਤੇ ਸਾਹਿਤਕ ਹਸਤੀ ਪ੍ਰਿੰਸੀਪਲ ਜਗਦੀਸ਼ ਘਈ ਨੂੰ ਅੰਤਮ ਵਿਦਾਇਗੀ
ਅਸ਼ੋਕ ਵਰਮਾ
ਬਠਿੰਡਾ 5ਨਵੰਬਰ 2021: ਬਠਿੰਡਾ ਦੀ ਉੱਘੀ ਵਿੱਦਿਅਕ , ਸਾਹਿਤਕ ਸ਼ਖਸ਼ੀਅਤ , ਮਿਊਂਸਿਪਲ ਕਮੇਟੀ ਬਠਿੰਡਾ ਦੇ ਸਾਬਕਾ ਪ੍ਰਧਾਨ ਅਤੇ ਅਜਾਦੀ ਘੁਲਾਟੀਏ ਪ੍ਰੀਵਾਰ ਦੇ ਪੁੱਤਰ ਸੇਵਾਮੁਕਤ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਨੂੰ ਅੱਜ ਵੱਡੀ ਗਿਣਤੀ ਸਮਾਜਿਕ,ਧਾਰਮਿਕ ,ਸਿਆਸੀ ਅਤੇ ਸਾਹਿਤਕ ਹਲਕਿਆਂ ਦੀ ਮੌਜੂਦਗੀ ’ਚ ਗਮਗੀਨ ਮਹੌਲ ਦੌਰਾਨ ਅੰਤਮ ਵਿਦਾਇਗੀ ਦਿੱਤੀ ਗਈ। ਸ੍ਰੀ ਘਈ ਦਾ ਬੀਤੀ ਰਾਤ ਲੁਧਿਆਣਾ ਦੇ ਇੱਕ ਹਸਪਤਾਲ ’ਚ ਦਿਹਾਂਤ ਹੋ ਗਿਆ ਸੀ ਜਿੱਥੇ ਉਹ ਪਿਛਲੇ ਕਈ ਦਿਨਾਂ ਤੋਂ ਜੇਰੇ ਇਲਾਜ ਸਨ। ਸ੍ਰੀ ਘਈ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਹੋਚੀ ਮਿਨ ਸਿੰਘ ਨੇ ਦਿਖਾਈ। ਉਨ੍ਹਾਂ ਦੇ ਇੱਕ ਧੀਅ ਵੀ ਹੈ ਜੋ ਵਿਆਹੀਹੋਈ ਹੈ। ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਇਸ ਵੇਲੇ 80 ਵਰਿ੍ਹਆਂ ਦੇ ਸਨ ਪਰ ਉਨ੍ਹਾਂ ਦੀਆਂ ਸਰਗਰਮੀਆਂ ਹਾਲੇ ਵੀ ਪੂਰੀ ਤਰਾਂ ਜਵਾਨ ਸਨ। ਉਹ ਇਸ ਵਕਤ ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਰਪ੍ਰਸਤ ਅਤੇ ਪਬਲਿਕ ਲਾਇਬਰੇਰੀ ਬਠਿੰਡਾ ਦੇ ਜਰਨਲ ਸਕੱਤਰ ਸਨ।
ਉਹ ਆਪਣੇ ਬਿਮਾਰ ਹੋਣ ਤੋਂ ਪਹਿਲਾਂ ਤੱਕ ਫੁਲਵਾੜੀ ਕਾਲਜ ’ਚ ਈਟੀਟੀ ਦੇ ਵਿਦਿਆਰਥੀਆਂ ਨੂੰ ਕੋਚਿੰਗ ਦਿੰਦੇ ਰਹੇ ਸਨ। ਵਿਚਾਰਧਾਰਾ ਤੌਰ ਤੇ ਉਨ੍ਹਾਂ ਦੀ ਗਿਣਤੀ ਅਹਿਮ ਕਮਿਊਨਿਸਟ ਆਗੂਆਂ ’ਚ ਸ਼ੁਮਾਰ ਹੁੰਦੀ ਸੀ। ਕਿਸੇ ਵੀ ਜਗ੍ਹਾ ਧੱਕਾ ਹੁੰਦਾ ਤਾਂ ਉਨ੍ਹਾਂ ਨੇ ਹਮੇਸ਼ਾ ਆਪਣੀ ਅਵਾਜ਼ ਬੁਲੰਦ ਕੀਤੀ। ਜਦੋਂ ਉਨ੍ਹਾਂ ਨੇ ਰੇਲ ਵਿਭਾਗ ਦੇ ਮੁਲਾਜਮਾਂ ਦੀ ਹੜਤਾਲ ਦੌਰਾਨ ਆਪਣੀ ਅਵਾਜ਼ ਬੁਲੰਦ ਕੀਤੀ ਤਾਂ ਉਨ੍ਹਾਂ ਨੂੰ ਰੇਲਵੇ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪ੍ਰਿੰਸੀਪਲ ਘਈ ਨੇ ਹਮੇਸ਼ਾ ਸੰਘਰਸ਼ੀ ਲੋਕਾਂ ਦੇ ਹੱਕ ’ਚ ਅਵਾਜ ਚੁੱਕੀ ਅਤੇ ਕਦੇ ਵੀ ਕਿਸੇ ਤਰਾਂ ਦੇ ਹਕੂਮਤੀ ਦਬਾਅ ਦੀ ਪ੍ਰਵਾਹ ਨਹੀਂ ਕੀਤੀ। ਸ੍ਰੀ ਘਈ ਨੂੰ ਅਕਸਰ ਹੀ ਸਾਹਿਤਕ ਹਲਕਿਆਂ ’ਚ ਸਰਗਰਮੀਆਂ ਚਲਾਉਂਦਿਆਂ ਦੇਖਿਆ ਜਾ ਸਕਦਾ ਸੀ। ਉਨ੍ਹਾਂ ਨੂੰ ਸਮਾਜਿਕ ਕਾਰਜਾਂ ਕਾਰਨ ਵੱਡੀ ਗਿਣਤੀ ਜੱਥੇਬੰਦੀਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਪਰ ਉਨ੍ਹਾਂ ਲੋਕਾਂ ਦੇ ਪਿਆਰ ਨੂੰ ਆਪਣਾ ਸਨਮਾਨ ਮੰਨਿਆ।
ਇਸ ਮੌਕੇ ਕਾਮਰੇਡ ਹਰਦੇਵ ਅਰਸ਼ੀ ਸਾਬਕਾ ਐਮ ਐਲ ਏ ਅਤੇ ਮੈਂਬਰ, ਜਨਰਲ ਕੌਂਸਲ ਕਮਿਊਨਿਸਟ ਪਾਰਟੀ ਆਫ਼ ਇੰਡੀਆ, ਜਗਰੂਪ ਗਿੱਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਬਠਿੰਡਾ ਸ਼ਹਿਰੀ, ਰਾਜਨ ਗਰਗ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ਼੍ਰੋਮਣੀ ਸਾਹਿਤਕਾਰ ਅਤਰਜੀਤ ਕਹਾਣੀਕਾਰ ਤੇ ਨਾਵਲਕਾਰ ਜਸਪਾਲ ਮਾਨਖੇੜਾ, ਸੁਰਿੰਦਰਪ੍ਰੀਤ ਘਣੀਆਂ ਮੀਤ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ) , ਡਾ ਸਤਨਾਮ ਸਿੰਘ ਜੱਸਲ, ਲੇਖਕ ਬਲਵਿੰਦਰ ਭੁੱਲਰ, ਲੇਖਿਕਾ ਅਮਰਜੀਤ ਕੌਰ ਹਰੜ,ਰਾਜਦੇਵ ਕੌਰ, ਡਾ ਪ੍ਰਦੀਪ ਕੌੜਾ, ਉੱਘੇ ਆਲੋਚਕ ਗੁਰਦੇਵ ਖੋਖਰ, ਪ੍ਰਵਾਸੀ ਲੇਖਕ ਮੰਗਤ ਕੁਲਜਿੰਦ , ਤਰਸੇਮ ਬੁੱਟਰ , ਰਣਵੀਰ ਰਾਣਾ, ਕਾਮਰੇਡ ਜਰਨੈਲ ਸਿੰਘ, ਕਾਮਰੇਡ ਕੁਸ਼ਲ ਭੌਰਾ ਦਮਜੀਤ ਦਰਸ਼ਨ, ਜਗਮੇਲ ਸਿੰਘ ਜਠੌਲ ਆਦਿ ਤੋਂ ਇਲਾਵਾ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੇ ਰਿਸ਼ਤੇਦਾਰ ,ਵਿਦਿਆਰਥੀ, ਰਾਜਨੀਤਕ ਤੇ ਸਮਾਜਿਕ ਆਗੂ ਤੇ ਵੱਡੀ ਗਿਣਤੀ ਵਿਚ ਸਾਹਿਤਕਾਰ ਹਾਜ਼ਰ ਸਨ ।