ਬਲਜਿੰਦਰ ਸੇਖਾ
ਟੋਰਾਂਟੋ, 17 ਫਰਵਰੀ 2021 - ਕੈਨੇਡਾ ਵਿੱਚ ਸ਼ੋਅ ਬਿਜ਼ਨਸ ਦੇ ਬਾਬਾ ਬੋਹੜ, ਟਰਾਂਟੋ ਵਿੱਚ ਪੰਜਾਬੀ ਮੀਡੀਆ ਦੀ ਨੀਂਹ ਰੱਖਣ ਵਾਲੇ, ਢਿੱਲੋਂ ਵੀਡੀਓ ਵਾਲੇ ਸਰਦਾਰ ਬਲਵਿੰਦਰ ਸਿੰਘ ਢਿੱਲੋਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਚ ਜਾ ਬਿਰਾਜੇ ਹਨ। ਉਹਨਾਂ ਦਾ ਜੱਦੀ ਪਿੰਡ ਗੁਰੂ ਕੀ ਢਾਬ (ਫਰੀਦਕੋਟ) ਸੀ । ਉਹ ਟੀਵੀ ਹੋਸਟ ਸੈਮੀ ਢਿੱਲੋਂ ਦੇ ਪਿਤਾ ਸਨ।
ਸੈਮੀ ਢਿੱਲੋਂ ਦੇ ਨਾਂ ਸ਼ੋਕ ਸੁਨੇਹਾ ਭੇਜਦਿਆਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਬਲਵਿੰਦਰ ਸਿੰਘ ਢਿੱਲੋਂ ਜੀ ਦਾ ਵਿਛੋੜਾ ਅਸਹਿ ਹੈ। ਉਨ੍ਹਾਂ ਨਾਲ ਪਹਿਲੀ ਮੁਲਾਕਾਤ 2002 ਵਿੱਚ ਇਕਬਾਲ ਮਾਹਲ ਜੀ ਨੇ ਕਰਵਾਈ ਸੀ। ਉਸ ਤੋਂ ਬਾਦ ਕਈ ਵਾਰ ਮੁਲਾਕਾਤ ਹੋਈ। ਬਹੁਤ ਨੇਕ ਰੂਹ ਦੇ ਮਾਲਕ ਸਨ। ਵੱਖ ਵੱਖ ਅਨੇਕ ਮੀਡੀਆ ਅਦਾਰਿਆਂ ਨੇ ਵੀ ਉਹਨਾਂ ਦੇ ਦਿਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।