ਤਰਨਤਾਰਨ, 8 ਸਤੰਬਰ 2018 - ਪਿਛਲੇ ਦਿਨੀਂ ਅੇਸਪੀ ਵੈਦ ਦੀ ਜਗ੍ਹਾ ਦਿਲਬਾਗ ਸਿੰਘ ਨੂੰ ਜੰਮੂ ਕਸ਼ਮੀਰ ਦੇ ਨਵੇਂ ਡੀਜੀਪੀ ਨਿਯੁਕਤ ਕੀਤਾ ਗਿਆ ਹੈ। ਦਿਲਬਾਗ ਸਿੰਘ ਦੇ ਇਸ ਮੁਕਾਮ 'ਤੇ ਪਹੁੰਚ ਜਾਣ ਪਿੱਛੇ ਬਹੁਤ ਸੰਘਰਸ਼ ਪੂਰਨ ਜ਼ਿੰਦਗੀ ਰਹੀ ਹੈ। ਤਰਨਤਾਰਨ ਜ਼ਿਲ੍ਹਾ ਦੇ ਕਸਬਾ ਝਬਾਲ ਨਜ਼ਦੀਕ ਕੋਟ ਧਰਮ ਚੰਦ ਪਿੰਡ 'ਚ ਰਹਿਣ ਵਾਲੇ ਇੱਕ ਮਜਦੂਰ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਦਿਲਬਾਗ ਸਿੰਘ ਨੇ ਆਪਣੀ ਤਮਾਮ ਸਿੱਖਿਆ ਸਰਕਾਰੀ ਸਕੂਲਾਂ 'ਚੋਂ ਹੀ ਗ੍ਰਹਿਣ ਕੀਤੀ ਹੈ।
ਪਰਿਵਾਰ ਨੇ ਮਜਦੂਰੀ ਕਰਕੇ ਦਿਲਬਾਗ ਸਿੰਘ ਨੂੰ ਪੜ੍ਹਾਇਆ। ਦਿਲਬਾਗ ਸਿੰਘ ਨੇ ਵੀ ਪੜ੍ਹਾਈ 'ਚ ਕੋਈ ਕਮੀ ਨਾ ਛੱਡੀ ਤੇ ਸਖਤ ਮਿਹਨਤ ਸਦਕਾ ਉਨ੍ਹਾਂ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਏ ਕੀਤੀ ਤੇ ਉਸਤੋਂ ਉਪਰੰਤ ਉਹ 1987 'ਚ ਆਈ.ਪੀ.ਐਸ ਬੈਚ ਲਈ ਚੁਣੇ ਗਏ ਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਕਾਡਰ ਅਲਾਟ ਕਰ ਦਿੱਤਾ ਗਿਆ।
ਦਿਲਬਾਗ ਸਿੰਘ ਨੂੰ ਆਪਣੇ ਸੇਵਾਕਾਲ ਦੌਰਾਨ ਦੋ ਵਾਰ ਰਾਸ਼ਟਰਪਤੀ ਐਵਾਰਡ ਵੀ ਮਿਲ ਚੁੱਕੇ ਹਨ। ਜੰਮੂ ਕਸ਼ਮੀਰ ਸਰਕਾਰ ਨੇ ਉਨ੍ਹਾਂ ਦੀ ਇਮਾਨਦਾਰੀ ਤੇ ਲਗਨ ਵਾਲੀ ਨੌਕਰੀ ਦੇਖਦਿਆਂ ਉਨ੍ਹਾਂ ਨੂੰ ਡੀਜੀਪੀ ਦਾ ਅਹੁਦਾ ਦੇ ਕੇ ਨਿਵਾਜਿਆ। ਜਿਸ ਨਾਲ ਉਨ੍ਹਾਂ ਦੇ ਪਿੰਡ ਅਤੇ ਜ਼ਿਲ੍ਹਾ ਤਰਨਤਾਰ ਦੇ ਲੋਕਾਂ ਵਿਚ ਕਾਫੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਪਰਿਵਾਰ ਦੀ ਸਖਤ ਮਿਹਨਤ ਅਤੇ ਦਿਲਬਾਗ ਸਿੰਘ ਦੀ ਕੁਝ ਹਾਸਲ ਕਰਨ ਦੀ ਚਾਹਤ ਨੇ ਅੱਜ ਉਨ੍ਹਾਂ ਨੂੰ ਇੱਕ ਅਜਿਹੇ ਮੁਕਾਮ 'ਤੇ ਪਹੁੰਚਾ ਦਿੱਤਾ ਹੈ ਜਿਥੇ ਉਨ੍ਹਾਂ ਸਿਰ ਇਕ ਸੂਬੇ ਦੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਆ ਪਿਆ ਹੈ। ਉਮੀਦ ਹੈ ਦਿਲਬਾਗ ਸਿੰਘ ਪਹਿਲਾਂ ਨਾਲੋ ਵੀ ਵੱਧ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਇਸ ਸੂਬੇ ਦੇ ਲੋਕਾਂ ਨੂੰ ਦੇਣਗੇ।