ਗੁਰਭਜਨ ਗਿੱਲ
ਲੁਧਿਆਣਾ, 22 ਜੁਲਾਈ 2020 - ਉੱਘੇ ਨਾਵਲਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਕਾਰਜਕਾਰੀ ਮੈਂਬਰ ਰਾਜ ਕੁਮਾਰ ਗਰਗ ਦਾ ਸੰਗਰੂਰ ਵਿਖੇ ਦੇਹਾਂਤ ਹੋ ਗਿਆ ਹੈ। ਇਸੇ ਸਾਲ 15 ਜੁਲਾਈ ਨੂੰ 70ਵਾਂ ਜਨਮ ਦਿਨ ਮਨਾਉਣ ਵਾਲੇ ਰਾਜ ਕੁਮਾਰ ਗਰਗ ਨੇ ਆਪਣਾ ਨਵਾਂ ਨਾਵਲ ਚਾਨਣ ਦੀ ਉਡੀਕ ਵੀ ਉਨ੍ਹਾਂ ਲੋਕ ਅਰਪਨ ਕੀਤਾ।
ਰਾਜ ਕੁਮਾਰ ਗਰਗ ਬਾਰੇ ਜਾਣਕਾਰੀ ਦਿੰਦਿਆਂ ਸੰਗਰੂਰ ਤੋਂ ਜਾਣਕਾਰੀ ਦਿੰਦਿਆਂ ਡਾ: ਭਗਵੰਤ ਸਿੰਘ ਨੇ ਦੱਸਿਆ ਕਿ ਤਰਕਭਾਰਤੀ ਪ੍ਰਕਾਸ਼ਨ ਵੱਲੋਂ ਛਪੇ ਨਾਵਲ ਤੋਂ ਪਹਿਲਾਂ ਰਾਜ ਕੁਮਾਰ ਗਰਗ ਜੱਟ ਦੀ ਜੂਨ, ਟਿੱਬਿਆਂ ਵਿੱਚ ਵਗਦਾ ਦਰਿਆ,ਪੌੜੀਆਂ, ਜਿਗਰਾ ਧਰਤੀ ਦਾ, ਆਪੇ ਅਰਜਨ ਆਪ ਸਾਰਥੀ,ਸੂਰਜ ਕਦੇ ਮਰਦਾ ਨਹੀਂ ਤੇ ਭਲਾਮਾਣਸ ਕੌਣ ਨਾਵਲ ਲਿਖ ਚੁਕੇ ਸਨ। ਸੁਲਗਦੀ ਅੱਗ ਦਾ ਸੇਕ ਸ੍ਵੈ ਜੀਵਨੀ ਤੋਂ ਇਲਾਵਾ ਖੇਤੀਬਾੜੀ ਗਰੈਜੂਏਟ ਹੋਣ ਕਾਰਨ ਖੇਤੀਬਾੜੀ ਕਰਨ ਦੇ ਨਵੇਂ ਢੰਗ,ਜੈਵਿਕ ਖੇਤੀ ਤੇ ਜੀਵ ਵਿਗਿਆਨ, ਪੌਦ ਸੁਰੱਖਿਆ, ਜ਼ਹਿਰ ਮੁਕਤ ਖੇਤੀ, ਪ੍ਰਦੂਸ਼ਣ ਤੋਂ ਬਚਾਉ,ਖੇਤੀਬਾੜੀ ਸਮੱਸਿਆਵਾਂ ਤੇ ਉਨ੍ਹਾਂ ਦਾ ਹੱਲ ਤੋਂ ਇਲਾਵਾ ਖੇਤੀਬਾੜੀ ਸਬੰਧੀ ਸਹਾਇਕ ਧੰਦੇ ਕਿਤਾਬਾਂ ਲਿਖ ਚੁਕੇ ਸਨ। ਉਨ੍ਹਾਂ ਦੇ ਨਾਵਲ ਹਿੰਦੀ ਤੇ ਅੰਗਰੇਜ਼ੀ ਚ ਵੀ ਅਨੁਵਾਦ ਹੋ ਕੇ ਛਪ ਚੁਕੇ ਹਨ।
ਰਾਜ ਕੁਮਾਰ ਗਰਗ ਦੇ ਦੁਖਦਾਈ ਵਿਛੋੜੇ ਦੀ ਖ਼ਬਰ ਮਿਲਣ ਤੇ ਅਫ਼ਸੋਸ ਪ੍ਰਗਟ ਕਰਦਿਆਂ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਜ ਕੁਮਾਰ ਗਰਗ ਦਾ ਭੇਜਿਆ ਨਵਾਂ ਨਾਵਲ ਚਾਨਣ ਦੀ ਉਡੀਕ ਅਜੇ ਪਰਸੋਂ ਹੀ ਮੈਨੂੰ ਮਿਲਿਆ ਸੀ। ਉਹ ਬਰਨਾਲਾ ਦੀ ਸਾਹਿੱਤਕ ਲਹਿਰ ਦੇ ਲੰਮਾ ਸਮਾਂ ਕਾਰਕੁਨ ਰਹੇ।ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੀ ਪ੍ਰੇਰਨਾ ਨਾਲ ਉਹ ਨਾਵਲ ਲਿਖਣ ਦੇ ਰਾਹ ਪਏ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵਿੱਚ ਵੀ ਉਨ੍ਹਾਂ ਦੀਆਂ ਸੇਵਾਵਾਂ ਮੁੱਲਵਾਨ ਸਨ। ਟੁੱਟ ਰਹੀ ਕਿਸਾਨੀ, ਖੇਤੀ ਉਪਜ ਵਣਜ ਵਪਾਰ ਦੀਆਂ ਸਮੱਸਿਆਵਾਂ ਬਾਰੇ ਲਿਖਣ ਵਾਲਾ ਗਰਗ ਚਿਰਾਂ ਤੀਕ ਯਾਦ ਰਹੇਗਾ।