ਵਿਸ਼ਵ ਪ੍ਰਸਿੱਧ ਆਟਾ ਚਿਕਨ ਵਾਲੇ ਕੰਵਰਜੀਤ ਸਿੰਘ ਸੇਠੀ ਨਹੀਂ ਰਹੇ
ਕੋਟਕਪੂਰਾ, 2 ਜੂਨ2021 - ਆਟਾ ਚਿਕਨ ਦੇ ਨਾਂਅ ਨਾਲ ਵਿਸ਼ਵ ਵਿੱਚ ਪ੍ਰਸਿੱਧ, ਚਿਕਨ ਕਿੰਗ ਵਜੋਂ ਜਾਣੇ ਜਾਂਦੇ ਉੱਘੇ ਸਮਾਜਸੇਵੀ ਕੰਵਰਜੀਤ ਸਿੰਘ ਸੇਠੀ (74) ਦੇ ਅਚਾਨਕ ਵਿਛੌੜੇ ਦੀ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗੂੰ ਫੈਲ ਜਾਣ ਕਾਰਨ ਸੋਗ ਤੇ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਉਹ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਸਨ ਅਤੇ ਉਨਾ ਦੇ ਪਰਿਵਾਰ ਦਾ ਸਮਾਜ ਸੇਵਾ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਹੈ।
ਪਰਿਵਾਰਕ ਸੂਤਰਾਂ ਅਨੁਸਾਰ ਸ੍ਰ ਸੇਠੀ ਪਿਛਲੇ ਕੁਝ ਸਮੇਂ ਤੋਂ ਜਿਗਰ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ ਸਨ। ਉਨਾਂ ਦੇ ਪੁੱਤਰਾਂ ਹਰਪ੍ਰੀਤ ਸਿੰਘ ਲੱਕੀ, ਨਵਨੀਤ ਸਿੰਘ ਸੋਨੂੰ, ਮਨਮੀਤ ਸਿੰਘ ਬੌਬੀ ਅਤੇ ਜਸਬੀਰ ਸਿੰਘ ਰਿੰਕੂ ਨੇ ਦੱਸਿਆ ਕਿ ਕੋਵਿਡ-19 ਕਾਰਨ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੇ ਮੱਦੇਨਜਰ ਸ੍ਰ ਸੇਠੀ ਦੇ ਅੰਤਿਮ ਸਸਕਾਰ ਮੌਕੇ ਜਿਆਦਾ ਇਕੱਠ ਕਰਨ ਤੋਂ ਸੰਕੋਚ ਕੀਤਾ ਗਿਆ। ਅੱਜ ਸਥਾਨਕ ਰਾਮਬਾਗ ਦੇ ਸ਼ਮਸ਼ਾਨਘਾਟ ਵਿੱਚ ਕੰਵਰਜੀਤ ਸਿੰਘ ਸੇਠੀ ਦੇ ਅੰਤਿਮ ਸਸਕਾਰ ਮੌਕੇ ਪਰਿਵਾਰਕ ਮੈਂਬਰਾਂ ਅਤੇ ਕੁਝ ਚੋਣਵੇਂ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਉਨਾ ਨੂੰ ਹੰਝੂਆਂ ਭਰੀਆਂ ਅੱਖ਼ਾਂ ਨਾਲ ਵਿਦਾਇਗੀ ਦਿੱਤੀ। ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕੰਵਰਜੀਤ ਸਿੰਘ ਸੇਠੀ ਦੇ ਵਿਛੋੜੇ ਨੂੰ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਦਿਆਂ ਆਖਿਆ ਕਿ ਕੋਟਕਪੂਰਾ ਸ਼ਹਿਰ ਇਕ ਉੱਘੀ ਸਮਾਜਸੇਵੀ ਅਰਥਾਤ ਦਾਨੀ ਸ਼ਖਸ਼ੀਅਤ ਤੋਂ ਵਾਂਝਾ ਹੋ ਗਿਆ ਹੈ।