ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਸਾਬਕਾ ਨਿਰਦੇਸ਼ਕ ਡਾ. ਤਿਲਕ ਰਾਜ ਗੁਪਤਾ ਦਾ ਦੇਹਾਂਤ
ਲੁਧਿਆਣਾ 22 ਅਗਸਤ, 2023 - ਪੀ.ਏ.ਯੂ. ਦੇ ਗੁਰਦਾਸਪੁਰ ਵਿੱਚ ਸਥਿਤ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਸਾਬਕਾ ਨਿਰਦੇਸ਼ਕ ਡਾ. ਤਿਲਕ ਰਾਜ ਗੁਪਤਾ ਬੀਤੇ ਦਿਨੀਂ ਇਸ ਦੁਨੀਆਂ ਨੂੰ ਵਿਦਾ ਕਹਿ ਗਏ | ਉਹ ਬੀਤੇ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ | ਡਾ. ਗੁਪਤਾ 10 ਜੂਨ 1942 ਨੂੰ ਅੰਮ੍ਰਿਤਸਰ ਵਿੱਚ ਜਨਮੇ | ਉਹਨਾਂ ਨੇ ਆਪਣੀ ਬੀ ਐੱਸ ਸੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅਤੇ ਐੱਮ ਐੱਸ ਸੀ ਪਲਾਂਟ ਬਰੀਡਿੰਗ ਵਿੱਚ ਪੀ.ਏ.ਯੂ. ਲੁਧਿਆਣਾ ਤੋਂ ਕੀਤੀ | ਗੁਰਦਾਸਪੁਰ ਖੇਤਰੀ ਖੋਜ ਕੇਂਦਰ ਵਿੱਚ ਉਹ 1964 ਵਿੱਚ ਖੋਜ ਸਹਾਇਕ ਦੇ ਤੌਰ ਤੇ ਭਰਤੀ ਹੋਏ ਅਤੇ 1979 ਵਿੱਚ ਕਿਸਾਨ ਸੇਵਾ ਸਲਾਹ ਕੇਂਦਰ ਕਪੂਰਥਲਾ ਵਿਖੇ ਸਹਾਇਕ ਪਸਾਰ ਮਾਹਿਰ ਦੇ ਤੌਰ ਤੇ ਪਦ-ਉੱਨਤ ਹੋਏ |
1983 ਵਿੱਚ ਉਹ ਸਹਿਯੋਗੀ ਪ੍ਰੋਫੈਸਰ ਬਣੇ ਅਤੇ 1991 ਵਿੱਚ ਪ੍ਰੋਫੈਸਰ ਬਣੇ | ਉਹਨਾਂ ਨੇ 1 ਦਸੰਬਰ 1997 ਤੋਂ ਲੈ ਕੇ 30 ਜੂਨ 2002 ਤੱਕ ਗੁਰਦਾਸਪੁਰ ਦੇ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਦਾ ਕਾਰਜ ਸੰਭਾਲਿਆ | ਆਪਣੇ ਵਿਸ਼ੇਸ਼ਗ ਖੇਤਰ ਵਜੋਂ ਉਹਨਾਂ ਨੇ ਤੇਲਬੀਜ ਬਰੀਡਿੰਗ ਨੂੰ ਚੁਣਿਆ ਅਤੇ ਗੁਰਦਾਸਪੁਰ ਨੂੰ ਇਸ ਖੇਤਰ ਦਾ ਪ੍ਰਮੁੱਖ ਕੇਂਦਰ ਬਣਾਇਆ | ਗੁਰਦਾਸਪੁਰ ਵਿਖੇ ਹੀ ਉਹਨਾਂ ਨੇ ਸਰ੍ਹੋਂ ਦੀਆਂ ਕਈ ਕਿਸਮਾਂ ਤੇ ਕੰਮ ਕੀਤਾ | ਇਹਨਾਂ ਵਿੱਚ ਐੱਲ ਸੀ-2023 ਉਹਨਾਂ ਵੱਲੋਂ ਤਿਆਰ ਕੀਤੀ ਗਈ ਅਜਿਹੀ ਕਿਸਮ ਹੈ ਜੋ ਨੀਮ ਪਹਾੜੀ ਖੇਤਰਾਂ ਦੇ ਕਿਸਾਨਾਂ ਵਿੱਚ ਅੱਜ ਤੱਕ ਪ੍ਰਚੱਲਤ ਹੈ |
ਡਾ. ਗੁਪਤਾ ਦੇ ਪਿਤਾ ਡਾਕਟਰ ਸਨ ਅਤੇ ਉਹਨਾਂ ਦੇ ਦੋ ਪੁੱਤਰਾਂ ਵਿੱਚੋਂ ਇੱਕ ਸਟੇਟ ਬੈਂਕ ਆਫ ਇੰਡੀਆ ਦੇ ਉੱਚ ਪਦ ਤੋਂ ਰਿਟਾਇਰ ਹੋਏ ਅਤੇ ਦੂਸਰੇ ਪੁੱਤਰ ਪਠਾਨਕੋਟ ਵਿੱਚ ਵੈਟਨਰੀ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ | ਡਾ. ਗੁਪਤਾ ਦੀ ਯਾਦ ਵਿੱਚ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਨੇ ਇੱਕ ਸ਼ੋਕ ਸਭਾ ਕੀਤੀ ਜਿਸ ਵਿੱਚ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ |
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਗੁਪਤਾ ਦੀ ਮੌਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਦੇਣ ਲਈ ਪਰਮ ਪਿਤਾ ਅੱਗੇ ਦੁਆ ਕੀਤੀ | ਜ਼ਿਕਰਯੋਗ ਹੈ ਕਿ ਡਾ. ਤਿਲਕ ਰਾਜ ਗੁਪਤਾ ਦਾ ਰਸਮ ਉਠਾਲਾ 28 ਅਗਸਤ 2023 ਦਿਨ ਸੋਮਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਕਮਿਊਨਟੀ ਸੈਂਟਰ, ਸੈਕਟਰ 49-ਸੀ, ਚੰਡਗੀੜ੍ਹ ਵਿਖੇ ਹੋਵੇਗਾ |