ਲੁਧਿਆਣਾ 5 ਮਈ 2019 - ਪਿਛਲੇ 50 ਸਾਲਾਂ ਤੋਂ ਸਟੇਜੀ ਕਵਿਤਾ ਤੇ ਲੋਕ ਸੰਗੀਤ ਦੇ ਸਿਰਕੱਢ ਮੀਨਾਰ ਸ: ਰਛਪਾਲ ਸਿੰਘ ਪਾਲ (ਜਲੰਧਰ ) ਦਾ ਆਲਮਗੀਰ ਸਾਹਿਬ ਵਿਖੇ ਜੀਵਨ ਭਰ ਦੀਆਂ ਉਚੇਰੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਰਛਪਾਲ ਸਿੰਘ ਪਾਲ ਬਾਰੇ ਦੱਸਦਿਆਂ ਕਿਹਾ ਕਿ ਪ੍ਰਸਿੱਧ ਸੰਗੀਤਕਾਰ ਸਵਰਗਵਾਸੀ ਦੇਵਿੰਦਰ ਸਿੰਘ ਆਕਾਸ਼ਵਾਣੀ ਦੀਆਂ ਸਭ ਰੀਤਾਂ ਤੇ ਬੰਦਸ਼ਾਂ ਹੂ ਬ ਹੂ ਗਾਉਣ ਦੇ ਸਮਰੱਥ ਇੱਕੋ ਇੱਕ ਗਾਇਕ ਰਛਪਾਲ ਸਿੰਘ ਪਾਲ ਹੀ ਹੈ।
ਸ: ਰਛਪਾਲ ਸਿੰਘ ਪਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੀ ਉਮਰ ਸੁਰ ਸ਼ਬਦ ਸਾਧਨਾ ਵਿੱਚ ਹੀ ਗੜੂੰਦ ਰਹੇ ਹਨ। ਇਹ ਮਾਣ ਉਨ੍ਹਾਂ ਨੂੰ ਹੋਰ ਸ਼ਕਤੀ ਨਾਲ ਅੱਗੇ ਤੁਰਨ ਦਾ ਬਲ ਦੇਵੇਗਾ।
ਇਸ ਉਪਰੰਤ ਗੁਰੂ ਨਾਨਕ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਥਾਵਾਂ ਤੇ ਕਰਵਾਏ ਜਾਣ ਵਾਲੇ ਕਵੀ ਦਰਬਾਰਾਂ ਲਈ ਨਿਰਧਾਰਿਤ ਸਬ ਕਮੇਟੀ ਦੀ ਮੀਟਿੰਗ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾ: ਦਸਵੀਂ,ਆਲਮਗੀਰ (ਲੁਧਿਆਣਾ)ਵਿਖੇ ਹੋਈ।
ਇਹ ਵਿਚਾਰ ਕੀਤਾ ਗਿਆ ਕਿ ਪਹਿਲਾਂ ਇਹ ਕਵੀ ਦਰਬਾਰ ਪੰਜਾਬ ਵਿੱਚ ਤਿੰਨ ਵੱਖ-ਵੱਖ ਜਗ੍ਹਾ ਕੀਰਤਪੁਰ ਸਾਹਿਬ(ਰੂਪਨਗਰ), ਡੇਰਾ ਬਾਬਾ ਨਾਨਕ(ਗੁਰਦਾਸਪੁਰ) ਅਤੇ ਪਟਿਆਲਾ ਵਿਖੇ ਕਰਵਾਏ ਜਾਣਗੇ।ਇਨ੍ਹਾਂ ਚੋਂ ਚੋਣਵੇਂ ਕਵੀ ਅਤੇ ਕੁਝ ਸਿਰਕੱਢ ਕਵੀ ਸੁਲਤਾਨਪੁਰ ਲੋਧੀ ਵਿਖੇ ਮੁੱਖ ਸ਼ਤਾਬਦੀ ਸਮਾਗਮਾਂ ਸਮੇਂ 9 ਨਵੰਬਰ ਨੂੰ ਕਰਵਾਏ ਜਾ ਰਹੇ ਮੁੱਖ ਕਵੀ ਦਰਬਾਰ ਵਿੱਚ ਸ਼ਮੂਲੀਅਤ ਕਰਨਗੇ।
ਕਵੀ ਦਰਬਾਰ ਦੇ ਕਨਵੀਨਰ ਸ: ਸੁਖਦੇਵ ਸਿੰਘ ਨੇ ਦੱਸਿਆ ਕਿ ਕਵੀ ਦਰਬਾਰ ਚ ਪੇਸ਼ ਹੋਣ ਵਾਲੀਆਂ ਕਵਿਤਾਵਾਂ ਦਾ ਵਿਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਫਲਸਫੇ ਨਾਲ ਸਬੰਧਤ ਹੀ ਹੈ।
ਮੁੱਢਲੇ ਤਿੰਨ ਖੇਤਰੀ ਕਵੀ ਦਰਬਾਰਾਂ ਵਿੱਚ ਹਰ ਉਮਰ ਵਰਗ ਦੇ ਕਵੀਆਂ ਦੀਆਂ ਮੌਲਿਕ ਰਚਨਾਵਾਂ ਨੂੰ ਹੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ਤਾਬਦੀ ਸਮੇਂ ਮੁੱਖ ਸਮਾਗਮ ਵਿੱਚ ਦੇਸ਼ ਵਿਦੇਸ਼ ਤੋਂ ਵੱਖ-ਵੱਖ ਭਾਸ਼ਾਵਾਂ ਅਤੇ ਧਰਮਾਂ ਦੇ ਕਵੀਆਂ ਦੀ ਸ਼ਮੂਲੀਅਤ ਵੀ ਕਰਵਾਈ ਜਾਵੇਗੀ।
ਇਸ ਕਵੀ ਦਰਬਾਰ ਕਮੇਟੀ ਦੇ ਕਨਵੀਨਰ ਤੇ ਧਰਮ ਪਰਚਾਰ ਕਮੇਟੀ ਦੇ ਇੰਚਾਰਜ ਪ੍ਰੋ: ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਕਵੀ ਦਰਬਾਰ 'ਚ ਸ਼ਾਮਲ ਕਵਿਤਾਵਾਂ ਨੂੰ ਪਹਿਲਾਂ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਬਾਅਦ ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਤੇ ਨੈਸ਼ਨਲ ਬੁੱਕ ਟਰੱਸਟ ਦੀ ਮਦਦ ਨਾਲ ਭਾਰਤੀ ਭਾਸ਼ਾਵਾਂ 'ਚ ਅਨੁਵਾਦ ਕਰਕੇ ਪ੍ਰਕਾਸ਼ਿਤ ਕਰਵਾਇਆ ਜਾਵੇਗਾ।
ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਬਦੇਸ਼ਾਂ ਚ ਵੱਸਦੇ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਵੀ ਰੀਕਾਰਡਡ ਰੂਪ ਚ ਮੰਗਵਾ ਕੇ ਕਵੀ ਦਰਬਾਰ ਚ ਸ਼ਮੂਲੀਅਤ ਲਈ ਵਿਚਾਰ ਲਈਆਂ ਜਾਣ।
ਇਸ ਮੌਕੇ ਸ: ਰਛਪਾਲ ਸਿੰਘ ਜੀ ਪਾਲ ਜੀ ਦਾ ਸਟੇਜੀ ਕਵਿਤਾ ਵਿੱਚ ਪਾਏ ਗਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਕੱਤਰਤਾ ਵਿੱਚ ਪ੍ਰੋ: ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ(ਲੁਧਿਆਣਾ), ਸ: ਰਛਪਾਲ ਸਿੰਘ ਜੀ ਪਾਲ ਜਲੰਧਰ , ਪ੍ਰਿੰਸੀਪਲ ਜਸਵੀਰ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਪ੍ਰੋ: ਸੁਖਦੇਵ ਸਿੰਘ ਇੰਚਾਰਜ ਧਰਮ ਪ੍ਰਚਾਰ ਕਮੇਟੀ ਆਦਿ ਸ਼ਾਮਲ ਹੋਏ।
ਰਛਪਾਲ ਸਿੰਘ ਪਾਲ ਦੇ ਸਨਮਾਨ ਸਮੇਂ ਸਮੇਂ ਸ: ਚਰਨ ਸਿੰਘ ਆਲਮਗੀਰ ਮੈਂਬਰ ਸ਼੍ਰੋਮਣੀ ਕਮੇਟੀ, ਸ: ਰੇਸ਼ਮ ਸਿੰਘ ਮੈਨੇਜਰ, ਸ: ਗੁਰਮੀਤ ਸਿੰਘ ਮੀਤ ਮੈਨੇਜਰ ਤੇ ਸਾਬਕਾ ਏ ਡੀ ਸੀ ਸ: ਬਲਵੰਤ ਸਿੰਘ ਸ਼ੇਰਗਿੱਲ ਤੇ ਸ: ਚਰਨਜੀਤ ਸਿੰਘ ਆਲਮਗੀਰ ਵੀ ਹਾਜ਼ਰ ਸਨ।