ਲੁਧਿਆਣਾ, 2 ਸਤੰਬਰ 2020 - ਦਾਖਾ ਹਲਕਾ ਦੇ ਪਿੰਡ ਮੰਡਿਆਣੀ ਤੋਂ ਕੈਲੇਫੋਰਨੀਆਂ ਵਿੱਚ ਵਸਦੇ ਉੱਘੇ ਸਮਾਜ-ਸੇਵਕ ਕੁਲਦੀਪ ਸਿੰਘ ਜੌਹਲ ਨੂੰ ਉਦੋਂ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਸਰਦਾਰਨੀ ਬਸੰਤ ਕੌਰ 90 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਹਨ। ਪਰਿਵਾਰ ਨਾਲ ਨੇੜਲਾ ਸਬੰਧ ਰੱਖਣ ਵਾਲੇ ਲੋਕ ਇਨਸਾਫ ਪਾਰਟੀ ਹਲਕਾ ਦਾਖਾ ਦੇ ਇੰਚਾਰਜ ਸੁਖਦੇਵ ਸਿੰਘ ਚੱਕ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਮਾਤਾ ਨੇ ਭਾਰਤੀ ਸਮੇਂ ਮੁਤਾਬਿਕ 1-2 ਸਤੰਬਰ ਵਾਲੀ ਅੱਧੀ ਰਾਤ ਨੂੰ ਆਖਰੀ ਸਾਹ ਲਿਆ। ਉਹ ਆਪਣੇ ਬੇਟਿਆਂ ਕੋਲ ਕੈਲੇਫੋਰਨੀਆਂ ਦੇ ਸ਼ਹਿਰ ਅਮੈਰੇਕਿਨ ਕੈਨੀਅਨ ਵਿੱਚ ਰਹਿ ਰਹੇ ਸਨ ਤੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਉਹ ਆਪਣੇ ਪਿੱਛੇ ਪੰਜ ਬੇਟੇ, ਚਾਰ ਬੇਟੀਆਂ , ਪੋਤੇ-ਪੋਤੀਆਂ , ਦੋਹਤੇ ਦੋਹਤੀਆਂ ਵਾਲਾ ਹੱਸਦਾ ਵਸਦਾ ਵੱਡਾ ਪਰਿਵਾਰ ਛੱਡ ਗਏ ਹਨ।
ਜੌਹਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਸਿਮਰਜੀਤ ਸਿੰਘ ਬੈਂਸ ਐਮ ਐਲ ਏ, ਬਲਵਿੰਦਰ ਸਿੰਘ ਬੈਂਸ ਐਮ ਐਲ ਏ, ਜਗਤਾਰ ਸਿੰਘ ਜੱਗਾ ਹਿੱਸੋਵਾਲ ਐਮ ਐਲ ਏ, ਇੰਦਰਜੀਤ ਸਿੰਘ ਜ਼ੀਰਾ ਐਮ ਐਲ ਏ, ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਚੇਅਰਮੈਨ ਸਤਨਾਮ ਸਿੰਘ ਕਲੇਰ, ਸ਼ੂਗਰਫੈਡ ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਉੱਘੇ ਕਾਂਗਰਸੀ ਆਗੂ ਮੇਜਰ ਸਿੰਘ ਮੁਲਾਂਪੁਰ, ਪੰਜਾਬ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਤੇ ਸ਼ਰੋਮਣੀ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਸੁਰਜੀਤ ਸਿੰਘ ਗੜ੍ਹੀ ਸ਼ਾਮਲ ਹਨ।