ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਨੂੰ ਸਦਮਾ, ਪਤਨੀ ਦਾ ਦੇਹਾਂਤ
ਅਸ਼ੋਕ ਵਰਮਾ
ਬਠਿੰਡਾ,27 ਜੁਲਾਈ2021: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਅਤੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਜੀਵਨ ਸਾਥਣ ਮਨਜੀਤ ਕੌਰ ਦਾ ਅੱਜ ਪਿੰਡ ਗਿੱਦੜ ਵਿਖੇ ਬੀਕੇਯੂ ਏਕਤਾ ਉਗਰਾਹਾਂ ਦੇ ਵਰਕਰਾਂ ਤੇ ਪਿੰਡ ਵਾਸੀਆਂ ਅਤੇ ਵੱਡੀ ਗਿਣਤੀ ਔਰਤਾਂ ਦੀ ਮੌਜੂਦਗੀ ’ਚ ਅੰਤਮ ਸਸਕਾਰ ਕਰ ਦਿੱਤਾ ਗਿਆ। ਉਹ ਬੀਤੀ ਰਾਤ ਸੰਖੇਪ ਬਿਮਾਰੀ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ। ਮਨਜੀਤ ਕੌਰ ਦੇ ਇਸ ਤਰਾਂ ਚਲੇ ਜਾਣ ਦੀਆਂ ਖਬਰਾਂ ਆਉਣ ਤੋਂ ਬਾਅਦ ਪੰਜਾਬ ਦੀਆਂ ਸੰਘਰਸ਼ੀ ਧਿਰਾਂ ਅਤੇ ਜਨਤਕ ਜੱਥੇਬੰਦੀਆਂ ਵਿੱਚ ਸੋਗ ਦਾ ਮਹੌਲ ਬਣ ਗਿਆ ਹੈ। ਅੱਜ ਅੰਤਮ ਸਸਕਾਰ ਤੋਂ ਪਹਿਲਾਂ ਮਨਜੀਤ ਕੌਰ ਦੀ ਮ੍ਰਿਤਕ ਦੇਹ ਤੇ ਸਨਮਾਨ ਅਤੇ ਸਤਿਕਾਰ ਵਜੋਂ ਬੀਕੇਯੂ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂਆਂ ਨੇ ਆਪੋ ਆਪਣੀਆਂ ਜੱਥੇਬੰਦੀਆ ਦੇ ਝੰਡੇ ਪਾਏ ਅਤੇ ਉਨ੍ਹਾਂ ਵੱਲੋ ਕਿਸਾਨ ਮਜਦੂਰ ਸੰਘਰਸ਼ਾਂ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ।
ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਮਨਜੀਤ ਕੌਰ ਬੜੇ ਮਿਲਣਸਾਰ ਸੁਭਾਅ ਦੇ ਸਨ ਜੋਕਿ ਕਿਸਾਨ ਸੰਘਰਸ਼ਾਂ ਵਿੱਚ ਸ਼ਿੰਗਾਰਾ ਸਿੰਘ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਦੇ ਸਨ। ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਨੇ ਖੁਦ ਵੀ 2000 ਵਿੱਚ ਜੇਠੂਕੇ ਕਿਰਇਆ ਘੋਲ ਤੋਂ ਲੈ ਕੇ ਸਾਰੇ ਘੋਲਾਂ ਵਿੱਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਦਿੱਲੀ ਮੋਰਚੇ ਵਿੱਚ ਵੀ ਹਾਜਰੀ ਲਵਾਈ ਅਤੇ ਹੁਣ ਆਪਣੇ ਫੌਜੀ ਪੁੱਤਰ ਦੇ ਛੁੱਟੀ ਆਉਣ ਤੇ ਮੋਰਚੇ ਵਿੱਚ ਜਾਣ ਦੇ ਇੱਛਕ ਸਨ। ਉਨ੍ਹਾਂ ਦੱਸਿਆ ਕਿ ਅਚਾਨਕ ਆਈ ਬਿਮਾਰੀ ਕਾਰਨ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ’ਚ ਮੁੜ ਜਾਣ ਦੀ ਇੱਛਾ ਅਧੂਰੀ ਰਹਿ ਗਈ। ਕਿਸਾਨ ਆਗੂਆਂ ਨੇ ਦੱਸਿਆ ਉਨ੍ਹਾਂ ਦਾ ਸ਼ਰਧਾਂਜਲੀ ਸਮਾਗਮ 5 ਅਗਸਤ ਦਿਨ ਵੀਰਵਾਰ ਨੂੰ ਪਿੰਡ ਗਿੱਦੜ ਵਿਖੇ 12 ਵਜੇ ਕਰਵਾਇਆ ਜਾ ਰਿਹਾ ਹੈ।
ਅੱਜ ਮਨਜੀਤ ਕੌਰ ਸਸਕਾਰ ਸਮੇਂ ਬੀਕੇਯੂ ਉਗਰਾਹਾਂ ਦੇ ਝੰਡਾ ਸਿੰਘ ਜੇਠੂਕੇ , ਔਰਤ ਵਿੰਗ ਦੀ ਆਗੂ ਪਰਮਜੀਤ ਕੌਰ ਪਿੱਥੋ ਤੋਂ ਇਲਾਵਾ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਨੌਜਵਾਨ ਭਾਰਤ ਸਭਾ ਦੇ ਸੂਬਾਈ ਆਗੂ ਅਸਵਨੀ ਘੁੱਦਾ, ਲੋਕ ਮੋਰਚਾ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ, ਠੇਕਾ ਮੁਲਾਜਮ ਸੰਘਰਸ ਮੋਰਚਾ ਦੇ ਆਗੂ ਜਗਰੂਪ ਸਿੰਘ ਤੇ ਗੁਰਵਿੰਦਰ ਪੰਨੂ ਤੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਆਗੂ ਡਾਕਟਰ ਮਨਜੀਤ ਸਿੰਘ, ਨਥਾਣਾ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਭਗਵਾਨ ਦਾਸ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਤੇ ਕਾਰਕੁੰਨਾ ਨੇ ਪਹੁੰਚ ਕੇ ਕਿਸਾਨ ਆਗੂ ਨਾਲ ਦੁੱਖ ਸਾਂਝਾ ਕੀਤਾ । ਇਸੇ ਤਰਾਂ ਹੀ ਡੀ ਟੀ ਐਫ ਤੋਂ ਦਿਗਵਿਜੇ ਸ਼ਰਮਾ , ਨਿਊਜੀਲੈਂਡ ਵੱਲੋਂ ਪੱਤਰਕਾਰ ਭਾਰਤੀ ,ਜਿਲ੍ਹਾ ਬਠਿੰਡਾ ਦੇ ਸਮੂਹ ਪੱਤਰਕਾਰ ਭਾਈਚਾਰੇ ਸਮੇਤ ਵੱਡੀ ਗਿਣਤੀ ਜਥੇਬੰਦੀਆਂ ਨੇ ਸ਼ੋਕ ਸੰਦੇਸ਼ ਭੇਜੇ ਹਨ।