ਗੁਰਭਜਨ ਗਿੱਲ
- ਸਾਹਿਤਕ ਹਲਕਿਆਂ 'ਚ ਸੋਗ ਦੀ ਲਹਿਰ
ਲੁਧਿਆਣਾ, 16 ਜੁਲਾਈ 2020 - ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਤੇ (ਸਿਆਟਲ)ਅਮਰੀਕਾ ਵੱਸਦੇ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ ਬੀਤੇ ਦਿਨ 15 ਜੁਲਾਈ ਨੂੰ ਦਿਲ ਦੀ ਹਰਕਤ ਬੰਦ ਹੋਣ ਕਾਰਨ ਸੁਰਗਵਾਸ ਹੋ ਗਏ ਹਨ।
ਬੈਂਸ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ, ਉਸਤਾਦ ਗ਼ਜ਼ਲਗੋ, ਕਈ ਕਿਤਾਬਾਂ ਦੇ ਰਚੇਤਾ, ਕਈ ਭਾਸ਼ਾਵਾਂ ਦੇ ਗਿਆਤਾ ਤੇ ਮਹਾਨ ਵਿਦਵਾਨ ਸਨ। ਕੈਨੇਡਾ ਚ ਛਪਦੇ ਸਪਤਾਹਿਕ ਅਖ਼ਬਾਰ ਚੜ੍ਹਦੀ ਕਲਾ ਦੇ ਵੀ ਆਪ ਸੰਪਾਦਕ ਰਹੇ।
ਬੈਂਸ ਦੇ ਦੇਹਾਂਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਉਨ੍ਹਾਂ ਦੇ ਪਰਿਵਾਰਕ ਸਨੇਹੀ ਪ੍ਰੋ: ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ,ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ,ਮਨਜਿੰਦਰ ਸਿੰਘ ਧਨੋਆ , ਡਾ: ਜਗਵਿੰਦਰ ਜੋਧਾ,ਰਮਣੀਕ ਕੌਰ, ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਡਾ: ਜਗਵਿੰਦਰ ਜੋਧਾ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਸਰਪ੍ਰਸਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਜਨ: ਸਕੱਤਰ ਡਾ: ਸੁਰਜੀਤ ਸਿੰਘ ਨੇ ਵੀ ਪੰਜਾਬੀ ਕਵੀ ਸ: ਹਰਭਜਨ ਸਿੰਘ ਬੈਂਸ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਪੰਜਾਬੀ ਮਾਂ-ਬੋਲੀ ਦੇ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ ਵੀ ਭਾਰੀ ਘਾਟਾ ਪਿਆ ਹੈ।
ਸਰਦਾਰ ਬੈਂਸ ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਕਨੇਡਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੋਢੀਆਂ ਵਿਚੋਂ ਸਨ ਅਤੇ ਲੰਮਾ ਸਮਾਂ ਪ੍ਰਧਾਨ ਵੀ ਰਹੇ।
ਸਰਦਾਰ ਹਰਭਜਨ ਸਿੰਘ ਬੈਂਸ ਆਪਣੇ ਪਿੱਛੇ ਤਿੰਨ ਸਪੁੱਤਰ ਹਰਿੰਦਰਪਾਲ ਸਿੰਘ ਬੈਂਸ, ਗਗਨਦੀਪ ਸਿੰਘ ਬੈਂਸ, ਗੁਰਿੰਦਰ ਸਿੰਘ ਬੈਂਸ, ਬੇਟੀ ਰਵਿੰਦਰ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ।