ਚੰਡੀਗੜ੍ਹ, 8 ਮਾਰਚ 2021 - ਸਾਹਿਰ ਲੁਧਿਆਣਵੀ ਜੀ ਦਾ ਜਨਮ ਦਿਨ 8 ਮਾਰਚ ਨੂੰ ਹੈ। 1921 ਦਾ ਜਨਮ ਹੋਣ ਕਰਕੇ ਇਹ ਉਨ੍ਹਾਂ ਦਾ ਜਨਮ ਸ਼ਤਾਬਦੀ ਸਾਲ ਹੈ। ਸਾਹਿਰ ਲੁਧਿਆਣਵੀ 25 ਅਕਤੂਬਰ 1980 ਨੂੰ ਅਲਵਿਦਾ ਕਹਿ ਗਏ ਸਨ। ਅਜ ਸਾਹਿਰ ਜੀ ਨੂੰ ਚੇਤੇ ਕਰਦਿਆਂ ਪੰਜਾਬ ਦੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ ਸਾਹਿਰ ਲੁਧਿਆਣਵੀ ਸਾਡੀ ਸ਼ਾਇਰੀ ਦਾ ਅਜ ਵੀ ਮਾਣ ਹਨ ਤੇ ਰਹਿਣਗੇ। ਉਨਾ ਪੰਜਾਬੀ ਸਾਹਿਤ ਤੇ ਕਲਾ ਜਗਤ ਨੂੰ ਵਧਾਈ ਦਿਤੀ ਹੈ। ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਆਖਿਆ ਹੈ ਕਿ ਸਾਹਿਰ ਸਾਡੇ ਮਨਾਂ ਚੋਂ ਕਦੀ ਮਨਫੀ ਨਹੀਂ ਹੋਏ। ਉਘੇ ਲੇਖਕ ਡਾ ਗੁਰਭਜਨ ਗਿੱਲ ਨੇ ਕਿਹਾ ਕਿ ਸਾਹਿਰ ਨੂੰ ਯਾਦ ਕਰਨਾ ਆਪਣੇ ਆਪੇ ਨੂੰ ਫੋਲਣਾ ਹੈ। ਉਨਾ ਦੱਸਿਆ ਕਿ ਸਾਹਿਰ ਦਾ ਦਾ ਬਚਪਨ ਦਾ ਨਾਂ ਅਬਦੁਲ ਹਈ ਸੀ, ਪਿੰਡ ਸੇਖੇਵਾਲ (ਲੁਧਿਆਣਾ) ਦੇ ਅਮੀਰ ਜਾਗੀਰਦਾਨ ਮੁਸਲਿਮ ਘਰਾਣੇ ਵਿੱਚ ਪੈਦਾ ਹੋਏ । ਮਾਲਵਾ ਖਾਲਸਾ ਹਾਈ ਸਕੂਲ ਤੇ ਗੌਰਮਿੰਟ ਕਾਲਿਜ ਲੁਧਿਆਣਾ ਚ ਪੜ੍ਹੇ ਹੋਣ ਕਰਕੇ ਉਨ੍ਹਾਂ ਦੀਆਂ ਅਨੇਕ ਯਾਦਾਂ ਇਸ ਸ਼ਹਿਰ ਨਾਲ ਸਬੰਧਿਤ ਹਨ।
ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿੱਚ ਕਵਿਤਾ ਲਿਖੀ । ਬਹੁਤ ਸਾਰੇ ਫ਼ਿਲਮੀ ਗੀਤਾਂ ਦੀ ਰਚਨਾ ਵੀ ਕੀਤੀ ।
ਤਲਖ਼ੀਆਂ ਉਨ੍ਹਾਂ ਦੀ ਮਸ਼ਹੂਰ ਉਰਦੂ ਕਾਵਿ ਰਚਨਾ ਹੈ ।ਪੰਜਾਬੀ ਯੂਨੀਵਰਸਿਟੀ ਨੇ ਉਨ੍ਹਾਂ ਦੀ ਸਮੁੱਚੀ ਰਚਨਾ ਗੁਰਮੁਖੀ ਅੱਖਰਾਂ ਚ ਪ੍ਰਕਾਸ਼ਿਤ ਕੀਤੀ ਹੈ।
ਉਨ੍ਹਾਂ ਦੇ ਨਜ਼ਦੀਕੀ ਮਿੱਤਰ ਤੇ ਉਰਦੂ ਕਵੀ ਕ੍ਰਿਸ਼ਨ ਅਦੀਬ ਨੇ ਉਨ੍ਹਾਂ ਬਾਰੇ ਪੁਸਤਕ ਸਾਹਿਰ ਖ਼ਾਬਾਂ ਦਾ ਸ਼ਹਿਜ਼ਾਦਾ ਲਿਖੀ ਜਿਸ ਨੂੰ ਅਜਾਇਬ ਚਿਤਰਕਾਰ ਜੀ ਨੇ ਅਨੁਵਾਦ ਕਰਕੇ ਪੰਜਾਬੀ ਯੂਨੀਵਰਸਿਟੀ ਤੋਂ ਛਪਵਾਇਆ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਦਸਿਆ ਕਿ ਕਲਾ ਪਰਿਸ਼ਦ ਇਸ ਸ਼ਤਾਬਦੀ ਮੌਕੇ ਇਕ ਵਿਸ਼ੇਸ਼ ਸਮਾਗਮ ਰਚਾਏਗੀ। ਅਜ ਸਾਹਿਰ ਲੁਧਿਆਣਵੀ ਨੂੰ ਯਾਦ ਕਰਦਿਆਂ ਕਲਾ ਪਰਿਸ਼ਦ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।