ਪਟਿਆਲਾ, 17 ਅਕਤੂਬਰ 2020 - ਉਘੇ ਭਾਸ਼ਾ ਵਿਗਿਆਨੀ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ ਜੋਗਿੰਦਰ ਸਿੰਘ ਪੁਆਰ ਦੀ ਮੌਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਸਿੰਘ ਜੌਹਲ ਨੇ ਆਖਿਆ ਕਿ ਡਾ ਪੁਆਰ ਹਮੇਸ਼ਾ ਇਕ ਸਰਗਰਮ ਤੇ ਆਪਣੇ ਕਾਰਜ ਪ੍ਰਤੀ ਸਮਰਪਿਤ ਸ਼ਖਸੀਅਤ ਸਨ। ਡਾ ਪਾਤਰ ਨੇ ਆਖਿਆ ਕਿ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਹੁੰਦਿਆਂ ਕਈ ਯਾਦਗਾਰੀ ਸਾਹਿਤਕ ਤੇ ਅਕਾਦਮਿਕ ਕਾਰਜ ਕੀਤੇ ਤੇ ਕਰਵਾਏ। ਬਹੁਤ ਸਾਰੇ ਨਾਮੀਂ ਲੇਖਕਾਂ ਨੂੰ ਜੀਵਨ ਫੈਲੋਸ਼ਿਪਾਂ ਦੇਕੇ ਨਿਵਾਜਿਆ ਤੇ ਕਈਆਂ ਨੂੰ ਘਰ ਤੇ ਨੌਕਰ ਵੀ ਮੁਹੱਈਆ ਕਰਵਾਏ। ਡਾ ਜੌਹਲ ਨੇ ਕਿਹਾ ਕਿ ਡਾ ਜੋਗਿੰਦਰ ਸਿੰਘ ਪੁਆਰ ਦੇ ਸਮੇਂ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਨੇ ਬਹੁਤ ਸਾਰੇ ਯਾਦਗਾਰੀ ਪ੍ਰਕਾਸ਼ਨ ਕੀਤੇ, ਜਿਨ੍ਹਾਂ ਦੀ ਅਹਿਮੀਅਤ ਹਮੇਸ਼ਾ ਬਣੀ ਰਹੇਗੀ।
ਡਾ ਪੁਆਰ ਨੇ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਪੰਜਾਬੀ ਭਾਸ਼ਾ ਅਕਾਦਮੀ ਬਣਾ ਕੇ ਕਈ ਭਾਸ਼ਾ ਮਾਹਰ ਨਾਲ ਜੋੜੇ ਤੇ ਅਕਾਦਮੀ ਨੇ ਲਾਜਵਾਬ ਸੈਮੀਨਾਰ ਕੀਤੇ। ਸਿਹਤਯਾਬ ਹੁੰਦਿਆਂ ਉਹ ਰੋਜ ਵਾਂਗ ਦੇਸ਼ ਭਗਤ ਹਾਲ ਆਇਆ ਕਰਦੇ ਸਨ। ਇਸ ਵੇਲੇ ਉਨ੍ਹਾਂ ਦੀ ਉਮਰ 87 ਸਾਲ ਸੀ ਤੇ ਜਲੰਧਰ ਦੇ ਵਿਚਕਾਰ ਹੀ ਪੈਂਦੇ ਆਪਣੇ ਜੱਦੀ ਪਿੰਡ ਲੱਧੇਵਾਲੀ ਵਿਖੇ ਸਾਰਾ ਜੀਵਨ ਬਤੀਤ ਕੀਤਾ। ਉਹ 1992 ਤੋਂ 1998 ਤਕ ਪਟਿਆਲਾ ਯੂਨੀਵਰਸਿਟੀ ਦੇ ਵੀ ਸੀ ਰਹੇ। 1972 ਵਿਚ ਉਹ ਲੈਕਚਰਾਰ ਬਣੇ। 1986 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਪ੍ਰੋਫੈਸਰ ਰਹੇ। ਸੇਵਾ ਮੁਕਤੀ ਬਾਅਦ ਆਪ ਰੋਜ਼ਾਨਾ ਦੇਸ਼ ਸੇਵਕ ਦੇ ਸੰਪਾਦਕ ਵੀ ਰਹੇ। ਡਾ. ਪਾਤਰ ਨੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ।
(ਨਿੰਦਰ ਘੁਗਿਆਣਵੀ
ਮੀਡੀਆ ਕੋਆ:
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ)