ਡਾ. ਸੀਪੀ ਕੰਬੋਜ ਨੂੰ ਮਿਲੇਗਾ ਮਾਤ ਭਾਸ਼ਾ ਸੇਵਕ ਸਨਮਾਨ
- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕਰਨਗੇ ਸਨਮਾਨਿਤ
ਜਗਤਾਰ ਸਿੰਘ
ਪਟਿਆਲਾ 22 ਫ਼ਰਵਰੀ 2023: ਪੰਜਾਬੀ ਕੰਪਿਊਟਰ ਸਹਾਇਤਾ ਕੇੰਦਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਾਇਕ ਪ੍ਰੋਫੈਸਰ ਡਾ. ਸੀਪੀ ਕੰਬੋਜ ਨੂੰ ਮਾਤ ਭਾਸ਼ਾ ਸੇਵਕ ਸਨਮਾਨ ਐਵਾਰਡ ਨਾਲ ਨਿਵਾਜਿਆ ਜਾਵੇਗਾ। ਇਹ ਐਵਾਰਡ ਉਨ੍ਹਾਂ ਨੂੰ ਕੱਲ 23 ਫ਼ਰਵਰੀ ਨੂੰ ਸਵੇਰੇ 11.30 ਵਜੇ ਪਾਸੀ ਰੋਡ ਸਥਿਤ ਪਟਿਆਲਾ ਮੀਡੀਆ ਕਲੱਬ ਵਿਖੇ ਆਯੋਜਿਤ ਕੀਤੇ ਜਾ ਰਹੇ ਸਨਮਾਨ ਸਮਾਰੋਹ ਦੌਰਾਨ ਦਿੱਤਾ ਜਾਵੇਗਾ। ਸਮਾਰੋਹ ਦਾ ਆਯੋਜਨ ਪਟਿਆਲਾ ਮੀਡੀਆ ਕਲੱਬ ਅਤੇ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਵੱਲੋਂ ਸਾਂਝੇ ਤੌਰ ਤੇ ਕੀਤੇ ਜਾ ਰਿਹਾ ਹੈ।
ਸਮਾਰੋਹ ਮੌਕੇ ਡਿਪਟੀ ਕਮਿਸ਼ਨਰ ਪਟਿਆਲਾ ਮੁੱਖ ਮਹਿਮਾਨ ਵਜੋੰ ਪਧਾਰਨਗੇ, ਜਦੋਂਕਿ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਿਕਾ ਡਾ. ਵੀਰਪਾਲ ਕੌਰ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਨਾਭਾ ਪਾਵਰ ਲਿਮਟਿਡ ਦੇ ਸੀ ਈ ਓ ਐਸ ਕੇ ਨਾਰੰਗ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਤ ਭਾਸ਼ਾ ਜਾਗਰੂਕਤਾ ਮੰਚ ਦੇ ਸਹਿ ਸੰਯੋਜਕ ਅਮਨ ਅਰੋੜਾ ਨੇ ਦੱਸਿਆ ਕਿ ਡਾ. ਕੰਬੋਜ ਨੇ ਪੰਜਾਬੀ ਭਾਸ਼ਾ ਵਿੱਚ ਕੰਪਿਊਟਰਕਾਰੀ ਅਤੇ ਸੂਚਨਾ ਤਕਨੀਕ ਬਾਰੇ 31 ਪੁਸਤਕਾਂ ਦੇ ਲਿਖੀਆਂ ਹਨ। ਮਾਂ ਬੋਲੀ ਪੰਜਾਬੀ ਦੇ ਅਨੇਕਾਂ ਸਾਫਟਵੇਅਰਾਂ ਦਾ ਵਿਕਾਸ ਕਰਨ ਦੇ ਨਾਲ-ਨਾਲ ਉਹ ਕਾਲਮ ਲੇਖਣ ਰਾਹੀਂ ਵੀ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਹਿੱਤ ਲਗਾਤਾਰ ਯਤਨਸ਼ੀਲ ਹਨ। ਇਸ ਐਵਾਰਡ ਲਈ ਉਨ੍ਹਾਂ ਦੇ ਨਾਮ ਦੀ ਚੋਣ ਮੰਚ ਵੱਲੋਂ ਗਠਿਤ ਚੋਣ ਕਮੇਟੀ ਵੱਲੋਂ ਕੀਤੀ ਗਈ ਹੈ। ਇਸ ਕਮੇਟੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਗੁਰਨਾਮ ਸਿੰਘ, ਸਾਬਕਾ ਡੀਨ ਭਾਸ਼ਾਵਾਂ ਡਾ. ਅੰਮ੍ਰਿਤਪਾਲ ਕੌਰ, ਪੰਜਾਬੀ ਯੂਨੀਵਰਸਿਟੀ ਦੇ ਟੀਚਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਗੁਰਨਾਮ ਵਿਰਕ, ਫਿਲਮ ਨਿਰਦੇਸ਼ਕ ਹਰੀਸ਼ ਗਾਰਗੀ ਅਤੇ ਪ੍ਰੇਮ ਸਿੰਘ ਸਿੱਧੂ, ਫਿਲਮ ਲੇਖਕ ਉਪਿੰਦਰ ਵੜੈਚ, ਮਨੁੱਖੀ ਅਧਿਕਾਰ ਕਾਰਕੁੰਨ ਜਤਿੰਦਰ ਸਿੰਘ ਮੱਟੂ, ਹਰਜੋਤ ਟਿਵਾਣਾ, ਵਿਨੋਦ ਬਾਲੀ, ਭਾਸ਼ਾ ਪ੍ਰੇਮੀ ਜਸਬੀਰ ਸਿੰਘ ਜਵੱਦੀ, ਕੁਲਪਿੰਦਰ ਸ਼ਰਮਾ, ਐਡਵੋਕੇਟ ਹਰਬੰਸ ਸਿੰਘ ਕਨਸੂਹਾ ਕਲਾਂ, ਐਡਵੋਕੇਟ ਰਾਜੀਵ ਲੋਹਟਬੱਦੀ, ਐਡਵੋਕੇਟ ਸਲੀਮ ਵਰਾਲ, ਡਾ. ਨੀਰਜ ਸ਼ਰਮਾ ਕਨੇਡਾ, ਡਾ. ਅਨੁਰਾਧਾ ਸ਼ਰਮਾ ਕਨੇਡਾ, ਕਈ ਸੀਨੀਅਰ ਪੱਤਰਕਾਰ ਅਤੇ ਹੋਰ ਪ੍ਰਸਿੱਧ ਹਸਤੀਆਂ ਸ਼ਾਮਲ ਸਨ।