ਚੰਡੀਗੜ੍ਹ, 7 ਅਪ੍ਰੈਲ 2021 - ਕੋਲਕਾਤਾ ਵੱਸਦੇ ਪੰਜਾਬੀ ਨਾਵਲਕਾਰ ਮੋਹਨ ਕਾਹਲੋਂ ਦੀ ਲੇਖਕ ਜੀਵਨ ਸਾਥਣ ਦੀਪ ਮੋਹਿਨੀ ਦਾ ਅੱਜ ਦੁਪਹਿਰ ਕੋਲਕਾਤਾ ਵਿਖੇ ਦੇਹਾਂਤ ਹੋ ਗਿਆ ਹੈ। ਉਹ ਲਗਪਗ 85 ਸਾਲਾਂ ਦੇ ਸਨ।
ਉਨ੍ਹਾਂ ਦੀਆਂ ਦੋ ਰਚਨਾਵਾਂ ਵਿੱਚੋਂ ਦੇਸ਼ ਵੰਡ ਬਾਰੇ ਨਾਵਲ ਧੁੰਦ ਵਿੱਚ ਇੱਕ ਸਵੇਰ ਅਤੇ ਕਹਾਣੀ ਸੰਗ੍ਰਹਿ ਦੋ ਰਾਤਾਂ ਦਾ ਫ਼ਾਸਲਾ ਮਹੱਤਵਪੂਰਨ ਰਚਨਾਵਾਂ ਸਨ। ਧੁੰਦ ਵਿੱਚ ਇੱਕ ਸਵੇਰ ਜਦ ਮਾਸਿਕ ਪੱਤਰ ਦ੍ਰਿਸ਼ਟੀ ਚ ਪਿਛਲੀ ਸਦੀ ਦੇ ਸਤਵੇਂ ਦਹਾਕੇ ਦੌਰਾਨ ਛਪਿਆ ਤਾਂ ਵਿਸ਼ਾਲ ਪਾਠਕ ਵਰਗ ਨੇ ਚੰਗਾ ਸਲਾਹਿਆ।
ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਬੰਬ(ਨੇੜੇ ਧਿਆਨਪੁਰ) ਦੇ ਜੱਦੀ ਵਸਨੀਕ ਸ: ਪਿਆਰਾ ਸਿੰਘ ਰੰਧਾਵਾ ਦੇ ਘਰ ਆਪ ਦਾ ਜਨਮ ਹੋਇਆ ਜੋ ਉਸ ਸਮੇਂ ਸਿੰਧ ਵਿੱਚ ਰੁਜ਼ਗਾਰ ਕਮਾਉਂਦੇ ਸਨ। ਦੇਸ਼ ਵੰਡ ਤੋਂ ਬਾਦ ਉਹ ਪ੍ਰੀਤ ਨਗਰ ਵਿਖੇ ਆ ਗਏ ਜਿੱਥੇ ਉਹ ਪ੍ਰੀਤ ਨਗਰ ਐਕਟਿਵਿਟੀ ਸਕੂਲ ਚ ਪੜ੍ਹਾਉਣ ਲੱਗ ਪਏ। ਪ੍ਰੀਤ ਲੜੀ ਵਿੱਚ ਵੀ ਅਕਸਰ ਲਿਖਦੇ।
ਦੀਪ ਮੋਹਿਨੀ ਵੀ ਇਸੇ ਸਕੂਲ ਚ ਪੜ੍ਹਦੀ ਰਹੀ। ਪ੍ਰੀਤ ਨਗਰ ਵੱਸਦੇ ਲੇਖਕਾਂ ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ, ਸ: ਨਾਨਕ ਸਿੰਘ ਤੇ ਪਿਆਰਾ ਸਿੰਘ ਸਹਿਰਾਈ ਜੀ ਦਾ ਆਪ ਦੇ ਵਿਚਾਰਾਂ ਤੇ ਚੰਗਾ ਅਸਰ ਪਿਆ ਜਿਸ ਕਾਰਨ ਉਹ ਸਾਹਿੱਤ ਸਿਰਜਣਾ ਦੇ ਮਾਰਗ ਤੇ ਤੁਰੇ। ਪ੍ਰੀਤਲੜੀ, ਆਰਸੀ ਤੇ ਹੋਰ ਚੰਗੇ ਰਸਾਲਿਆਂ ਵਿੱਚ ਉਨ੍ਹਾਂ ਦੀਆਂ ਲਿਖਤਾਂ ਛਪਦੀਆਂ ਰਹੀਆਂ। ਉਨ੍ਹਾਂ ਦੀਆਂ ਦੋਵੇਂ ਲਿਖਤਾਂ ਸਤੀਸ਼ ਗੁਲਾਟੀ ਦੁਆਰਾ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ।
ਮੋਹਨ ਕਾਹਲੋਂ ਨਾਲ ਸ਼ਾਦੀ ਉਪਰੰਤ ਆਪ ਵੇਰਕਾ(ਅੰਮ੍ਰਿਤਸਰ) ਚ ਘਰ ਬਣਾ ਕੇ ਰਹਿਣ ਲੱਗ ਪਏ। ਆਪ ਦੇ ਇਕਲੌਤੇ ਸਪੁੱਤਰ ਰਾਜਪਾਲ ਸਿੰਘ ਕਾਹਲੋਂ ਨੇ ਆਈ ਏ ਐੱਸ ਅਧਿਕਾਰੀ ਬਣ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਲਗਪਗ ਦੋ ਸਾਲ ਪਹਿਲਾਂ ਹੀ ਉਹ ਪੱਛਮੀ ਬੰਗਾਲ ਤੋਂ ਚੀਫ਼ ਸੈਕਟਰੀ ਦੇ ਬਰਾਬਰ ਰੁਤਬੇ ਤੋਂ ਸੇਵਾ ਮੁਕਤ ਹੋਏ ਹਨ। ਦੀਪ ਮੋਹਿਨੀ ਜੀ ਦੀ ਇਕਲੌਤੀ ਬੇਟੀ ਇਰਾ ਕਾਹਲੋਂ ਵੀ ਕੋਲਕਾਤਾ ਦੇ ਮੱਲ੍ਹੀ ਪਰਿਵਾਰ ਚ ਵਿਆਹੀ ਹੋਈ ਹੈ। ਅਤਿਵਾਦ ਦੌਰਾਨ ਦੀਪ ਮੋਹਿਨੀ ਦੇ ਨਿੱਕੇ ਵੀਰ ਕਵੀਰਾਜ ਸਿੰਘ ਰੰਧਾਵਾ ਸੰਪਾਦਕ ਲੋਕ ਮਾਰਗ ਨੂੰ ਸ਼ਹੀਦ ਕਰ ਦਿੱਤਾ ਗਿਆ ਜਿਸ ਨਾਲ ਉਹ ਅੰਦਰੋਂ ਲਗਪਗ ਟੁੱਟ ਗਏ ਸਨ।
ਸ਼੍ਰੀਮਤੀ ਦੀਪ ਮੋਹਿਨੀ ਦਾ ਅੱਜ ਕੋਲਕਾਤਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੋਹਨ ਕਾਹਲੋਂ ਤੇ ਉਨ੍ਹਾਂ ਦੇ ਸਪੁੱਤਰ ਨੇ ਦਿੱਤੀ ਹੈ।
ਕੋਲਕਾਤਾ ਵੱਸਦੇ ਪੰਜਾਬੀ ਲੇਖਕਾਂ ਜਗਮੋਹਨ ਸਿੰਘ ਗਿੱਲ, ਹਰਦੇਵ ਸਿੰਘ ਗਰੇਵਾਲ, ਗੁਰਦੀਪ ਸਿੰਘ ਸੰਘਾ, ਰਵੇਲ ਪੁਸ਼ਪ, ਭੁਪਿੰਦਰ ਬਸ਼ਰ, ਦੇਵਿੰਦਰ ਕੌਰ ਰਾਜਪਾਲ ਸਿੰਘ ਹਾਂਸ,ਤੇ ਰਵਿੰਦਰ ਕੌਰ (ਗੁੱਡੀ ਥਿੰਦ) ਨੇ ਵੀ ਦੀਪ ਮੋਹਿਨੀ ਦੇ ਦੇਹਾਂਤ ਤੇ ਡੂੰਘੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਡਾ: ਗੁਰਇਕਬਾਲ ਸਿੰਘ,ਮਨਜਿੰਦਰ ਧਨੋਆ ਤੇ ਤ੍ਰੈਲੋਚਨ ਲੋਚੀ ਨੇ ਵੀ ਦੀਪ ਮੋਹਿਨੀ ਜੀ ਦੇ ਵਿਛੋੜੇ ਨੂੰ ਅਸਹਿ ਘਾਟਾ ਕਿਹਾ ਹੈ।