ਸੇਵਾ ਮੁਕਤੀ: ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਹਨ ਡੀਐਸਪੀ ਦੀਦਾਰ ਸਿੰਘ ਗਹੂੰਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 31 ਮਈ 2024 - ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਵਿੱਚ 35 ਸਾਲ ਦੀ ਲੰਬੀ, ਬੇਦਾਗ ਅਤੇ ਇਮਾਨਦਾਰਾਨਾ ਢੰਗ ਨਾਲ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋ ਰਹੇ ਡੀਐਸਪੀ (ਸੀਆਈਡੀ ) ਸ਼ਹੀਦ ਭਗਤ ਸਿੰਘ ਨਗਰ ਸ. ਦੀਦਾਰ ਸਿੰਘ ਗਹੂੰਣ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਹਨ। ਸ. ਦੀਦਾਰ ਸਿੰਘ ਗਹੂੰਣ ਨੇ ਆਪਣੀ ਸੇਵਾ ਦੌਰਾਨ ਜਿੱਥੇ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਭਰਪੂਰ ਇੱਜਤ ਮਾਣ ਕੀਤਾ ਅਤੇ ਉਸ ਤੋਂ ਵੀ ਵੱਧ ਪਿਆਰ ਅਤੇ ਇਜਤ ਮਾਣ ਕਮਾਇਆ,ਉੱਥੇ ਆਪਣੇ ਅਧੀਨ ਮੁਲਾਜ਼ਮਾਂ ਨਾਲ ਵੀ ਵੱਡੇ ਭਰਾਵਾਂ ਵਾਂਗ ਕੰਮ ਕਰਦੇ ਰਹੇ । ਆਪ ਨੇ 12 ਮਈ 1966 ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਤਹਿਸੀਲ ਦੇ ਪਿੰਡ ਗਹੂੰਣ ਵਿਖੇ ਮਾਤਾ ਸਰਦਾਰਨੀ ਸਵਰਨ ਕੌਰ ਦੀ ਕੁੱਖੋਂ ਪਿਤਾ ਸ: ਬਚਨ ਸਿੰਘ ਦੇ ਗ੍ਰਹਿ ਵਿਖੇ ਜਨਮ ਲਿਆ । ਪਿੰਡ ਗਹੂੰਣ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪੰਜਵੀਂ ਪਾਸ ਕੀਤੀ ,ਜਦੋਂ ਕਿ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਖਾਲਸਾ ਹਾਈ ਸਕੂਲ ਮਹਿੰਦੀਪੁਰ (ਬਲਾਚੌਰ ) ਤੋਂ ਦਸਵੀਂ ਜਮਾਤ ਫਸਟ ਡਵੀਜ਼ਨ ਵਿੱਚ ਪਾਸ ਕੀਤੀ ।
ਸਰਕਾਰੀ ਕਾਲਜ ਰੋਪੜ ਤੋਂ ਬੀ ਐੱਸ ਸੀ ਕਰਨ ਉਪਰੰਤ 20 ਜੂਨ 1989 ਨੂੰ ਪੰਜਾਬ ਪੁਲਿਸ ਵਿੱਚ ਬਤੌਰ ਏਐਸਆਈ ਭਰਤੀ ਹੋ ਗਏ। ਆਈ ਟੀ ਵਿੰਗ ਵਿੱਚ ਕੁਝ ਸਮਾਂ ਨੌਕਰੀ ਕਰਨ ਉਪਰੰਤ ਆਪ ਇੰਟੈਲੀਜੈਂਸ ਵਿੰਗ ਵਿੱਚ ਚਲੇ ਗਏ ਜਿੱਥੋਂ ਕਿ ਅੱਜ ਉਹ ਸੇਵਾ ਮੁਕਤ ਹੋ ਰਹੇ ਹਨ । ਪੁਲਿਸ ਦੀ ਇਸ ਸੇਵਾ ਦੌਰਾਨ ਆਪ ਜੀ ਦੀਆਂ ਇਮਾਨਦਾਰੀ ਨਾਲ ਕੀਤੀਆਂ ਆਲ੍ਹਾ ਦਰਜੇ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ 15 ਅਗੱਸਤ 2013 ਨੂੰ ਮੁੱਖ ਮੰਤਰੀ ਮੈਡਲ ਫਾਰ ਆਊਟਸਟੈਂਡਿੰਗ ਡਿਵੋਸ਼ਨ ਐਵਾਰਡ ਨਾਲ ਸੂਬਾ ਪੱਧਰੀ ਸਮਾਗਮ ਵਿੱਚ ਮਾਨਯੋਗ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਕੋਵਿਡ ਦੌਰਾਨ ਦਿੱਤੀਆਂ ਸੇਵਾਵਾਂ ਲਈ ਡੀਜੀਪੀ ਡਿਸਕ ਨਾਲ ਸਨਮਾਨਿਤ ਕੀਤੇ ਗਏ। ਇਹਨਾਂ ਤੋਂ ਇਲਾਵਾ ਆਪ ਜੀ ਨੂੰ ਸਮੇਂ ਸਮੇਂ ਤੇ 61 ਪ੍ਰਸ਼ੰਸਾ ਪੱਤਰ ਅਤੇ ਕੁਮੈਂਡੇਸ਼ਨ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਆਪ ਜੀ ਦਾ ਵਿਆਹ 20 ਮਈ 1990 ਨੂੰ ਰੱਕੜ ਢਾਹਾਂ ਵਿਖੇ ਸ: ਪਰਸਾ ਸਿੰਘ ਅਤੇ ਸਰਦਾਰਨੀ ਪ੍ਰੀਤਮ ਕੌਰ ਦੀ ਸਪੁੱਤਰੀ ਬੀਬਾ ਸਤਬੀਰ ਕੌਰ ਨਾਲ ਹੋਇਆ।
ਆਪ ਜੀ ਦੇ ਪਰਿਵਾਰ ਦੀ ਫੁਲਵਾੜੀ ਵਿੱਚ ਦੋ ਲੜਕੇ, ਨੂੰਹਾਂ ਅਤੇ ਪੋਤਰੀ ਵੀ ਸ਼ਾਮਲ ਹੈ ।ਆਪ ਪੁਲਿਸ ਸੇਵਾ ਦੇ ਨਾਲ ਨਾਲ ਧਾਰਮਿਕ ਅਤੇ ਸਮਾਜ ਸੇਵਾ ਨੂੰ ਵੀ ਪ੍ਰਣਾਏ ਹੋਏ ਹਨ। ਆਪ ਧਾਰਮਿਕ ਅਤੇ ਸਮਾਜ ਸੇਵਾ ਨੂੰ ਸਮਰਪਿਤ ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨਵਾਂਸ਼ਹਿਰ ਦੇ ਸਰਗਰਮ ਮੈਂਬਰ ਹਨ ਜਿਸ ਵੱਲੋਂ ਇਲਾਕੇ ਵਿਚ ਮੁਫਤ ਮੈਡੀਕਲ ਸੇਵਾਵਾਂ, ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਹਿੱਤ ਮੁਕਾਬਲੇ ਦੀਆਂ ਪ੍ਰੀਖਿਆ ਲਈ ਮੁਫਤ ਕੋਚਿੰਗ ਸੈਂਟਰ, ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੀ ਯਾਤਰਾ ਲਈ ਵਿਸ਼ੇਸ਼ ਸੁਵਿਧਾ ਸੈਂਟਰ, ਹਰ ਸਾਲ ਵੱਡੇ ਪੱਧਰ ਤੇ ਧਾਰਮਿਕ ਸਮਾਗਮ ਆਦਿਕ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਆਪ ਵਲੋਂ ਮਿਉਂਸਪਲ ਕੌਂਸਲ ਅਤੇ ਸ਼ਹਿਰ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਨਵਾਂਸ਼ਹਿਰ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ ਸ਼ਾਨਦਾਰ ਮਿਉਂਸਪਲ ਪਬਲਿਕ ਪਾਰਕ ਬਣਾਇਆ ਗਿਆ ਜਿਸ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਲਈ ਕਸਰਤ ਅਤੇ ਮਨੋਰੰਜਨ ਦੀਆਂ ਸਹੂਲਤਾਂ ਉਪਲੱਬਧ ਹਨ। ਸ਼ਾਲਾ ! ਪਰਮਾਤਮਾ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਅਤੇ ਸੇਵਾ ਮੁਕਤੀ ਉਪਰੰਤ ਸਿਮਰਨ ਅਤੇ ਸਮਾਜ ਸੇਵਾ ਕਰਨ ਦਾ ਹੋਰ ਵੀ ਉੱਦਮ ਅਤੇ ਬਲ ਬਖਸ਼ੇ।