ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਹਸਪਤਾਲ ਦਾਖਲ, ਹਾਲਤ ਚਿੰਤਾਜਨਕ
ਮੁਹਾਲੀ, 10 ਮਈ, 2020 : ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ ਹਾਲਾਂਕਿ ਉਹਨਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਮਹਾਨ ਖਿਡਾਰੀ ਦੇ ਪੋਤੇ ਕਬੀਰ ਸਿੰਘ ਨੇ ਦੱਸਿਆ ਕਿ 96 ਸਾਲਾ ਮਹਾਨ ਖਿਡਾਰੀ ਦਾ ਕੋਰੋਨਾ ਟੈਸਟ ਨੈਗੇਟਿਵ ਹੈ।
ਬਲਬੀਰ ਸਿੰਘ ਸੀਨੀਅਰ ਨੂੰ ਨਮੂਨੀਆ ਦੀ ਸ਼ਿਕਾਇਤ ਹੋਣ 'ਤੇ ਸ਼ੁੱਕਰਵਾਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਕਬੀਰ ਨੇ ਦੱਸਿਆ ਕਿ ਉਹਨਾਂ ਦੀ ਹਾਲਤ ਚਿੰਤਾਜਨਕ ਹੈ, ਉਹ ਵੈਂਟੀਲੇਟਰ 'ਤੇ ਹਨ। ਉਸਨੇ ਦੱਸਿਆ ਕਿ ਭਾਵੇਂ ਉਹਨਾਂ ਦੀ ਹਾਲਤ ਜਦੋਂ ਹਸਪਤਾਲ ਦਾਖਲ ਕਰਵਾਏ ਗਏ ਸੀ, ਉਸ ਤੋਂ ਕੁਝ ਬੇਹਤਰ ਹੈ ਪਰ ਹਾਲੇ ਵੀ ਉਹ ਸਥਿਰ ਨਹੀਂ ਹਨ ।
ਦੱਸਣਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੂੰ ਸਿਹਤ ਖਰਾਬ ਹੋਣ 'ਤੇ ਸੈਕਟਰ 36 ਵਿਚਲੀ ਉਹਨਾਂ ਦੀ ਰਿਹਾਇਸ਼ ਤੋਂ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਹ ਆਪਣੀ ਧੀ ਸੁਸ਼ਬੀਰ ਤੇ ਕਬੀਰ ਨਾਲ ਸੈਕਟਰ 36 ਵਿਚ ਰਹਿੰਦੇ ਹਨ।