ਸਦੀਵੀ ਵਿਛੋੜਾ ਦੇ ਗਏ ਮਿਸਾਲੀ ਯੋਧੇ ਕਾਮਰੇਡ ਟੀ ਆਰ ਗੌਤਮ
- ਪਾਸਲਾ, ਜਾਮਾਰਾਏ ਅਤੇ ਸਿਰਮੌਰ ਆਗੂਆਂ ਨੇ ਵਿਛੜੇ ਸਾਥੀ ਦੀਆਂ ਘਾਲਣਾਵਾਂ ਨੂੰ ਸੂਹੀ ਸਲਾਮ ਪੇਸ਼ ਕੀਤੀ
ਦਲਜੀਤ ਕੌਰ
ਚੰਡੀਗੜ੍ਹ, 25 ਨਵੰਬਰ, 2023: ਅਨੇਕਾਂ ਟਰੇਡ ਯੂਨੀਅਨ ਸੰਘਰਸ਼ਾਂ ਵਿਚ ਮਿਸਾਲੀ ਭੂਮਿਕਾ ਅਦਾ ਕਰਨ ਵਾਲੇ ਰੇਲ ਮੁਲਾਜਮਾਂ ਦੇ ਉੱਘੇ ਆਗੂ ਸਾਥੀ ਟੀ.ਆਰ. ਗੌਤਮ ਸਦੀਵੀ ਵਿਛੋੜਾ ਦੇ ਗਏ ਹਨ। ਮਰਹੂਮ ਸਾਥੀ ਟੀ ਆਰ ਗੌਤਮ ਨੇ ਐਨ.ਆਰ.ਐਮ.ਯੂ. ਦੀ ਫਿਰੋਜਪੁਰ ਡਿਵੀਜਨ ਦਾ ਸਿਰਮੌਰ ਆਗੂ ਰਹਿੰਦਿਆਂ ਰੇਲ ਕਾਮਿਆਂ ਦੇ ਅਨੇਕਾਂ ਜੇਤੂ ਘੋਲਾਂ ਦੀ ਸ਼ਾਨਾਮੱਤੀ ਅਗਵਾਈ ਕੀਤੀ ਸੀ। ਸੇਵਾ ਮੁਕਤੀ ਉਪਰੰਤ ਆਪ ਪਹਿਲਾਂ ਸੀਪੀਐਮ ਪੰਜਾਬ ਅਤੇ ਪਿੱਛੋਂ ਆਰ.ਐਮ.ਪੀ.ਆਈ. ਵਿਚ ਸਰਗਰਮ ਰਹੇ ਅਤੇ ਅੰਤਲੇ ਸਾਹਾਂ ਤੱਕ ਮਿਹਨਤਕਸ਼ ਆਵਾਮ ਦੀ ਲੁੱਟ-ਚੋਂਘ ਤੇ ਜਬਰ-ਵਿਤਕਰੇ ਤੋਂ ਮੁਕਤੀ ਦੇ ਸੰਗਰਾਮ ਦੀ ਫਤਹਿਯਾਬੀ ਲਈ ਜੂਝਦੇ ਰਹੇ। ਆਪ ਨੇ ਆਪਣੀ ਗੰਭੀਰ ਬੀਮਾਰੀ ਨੂੰ ਕਦੀ ਵੀ ਪਾਰਟੀ ਕੰਮਾਂ ਅਤੇ ਲੋਕਾਈ ਦੀ ਬੰਦ ਖਲਾਸੀ ਦੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਕੈਸ਼ੀਅਰ ਰਤਨ ਸਿੰਘ ਰੰਧਾਵਾ, ਪਰਗਟ ਸਿੰਘ ਜਾਮਾਰਾਏ ਤੇ ਪ੍ਰੋ ਜੈਪਾਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਅਦਾਰਾ ‘ਸੰਗਰਾਮੀ ਲਹਿਰ’ ਵਲੋਂ ਸਾਥੀ ਮਹੀਪਾਲ, ਰੇਲ ਮੁਲਾਜ਼ਮਾਂ ਦੇ ਰਹਿ ਚੁੱਕੇ ਮਹਿਬੂਬ ਆਗੂ ਸਾਥੀ ਹਰਚਰਨ ਸਿੰਘ ਤੇ ਘਨਸ਼ਾਮ ਸਿੰਘ, ਨਾਰਦਰਨ ਰੇਲਵੇ ਮੈਨਜ ਯੂਨੀਅਨ (ਐਨ ਆਰ ਐਮ ਯੂ) ਦੇ ਡਿਵੀਜਨਲ ਸੈਕਟਰੀ ਸ਼ਿਵ ਦੱਤ ਸ਼ਰਮਾ, ਬਿਜਲੀ ਮੁਲਾਜ਼ਮਾਂ ਦੇ ਸਾਬਕਾ ਆਗੂ ਸ਼ਿਵ ਕੁਮਾਰ ਤਿਵਾੜੀ ਰੁੜਕਾ ਕਲਾਂ ਨੇ ਸਾਥੀ ਗੌਤਮ ਦੇ ਦਿਹਾਂਤ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਪਣੇ ਮਿਸਾਲੀ ਯੁੱਧ ਸਾਥੀ ਨੂੰ ਸੂਹੀ ਸ਼ਰਧਾਂਜਲੀ ਭੇਂਟ ਕੀਤੀ ਹੈ। ਆਗੂਆਂ ਨੇ ਸਾਥੀ ਗੌਤਮ ਦੇ ਹੋਣਹਾਰ ਬੇਟਾ-ਬੇਟੀ ਅਤੇ ਪਰਿਵਾਰਕ ਜੀਆਂ ਨਾਲ ਆਪਣੀਆਂ ਸੰਵੇਦਨਾਵਾਂ ਵੀ ਸਾਂਝੀਆਂ ਕੀਤੀਆਂ ਹਨ।