ਲੁਧਿਆਣਾ: 25 ਮਾਰਚ 2019 - ਟੋਰੰਟੋ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਭੁਪਿੰਦਰ ਦੁਲੇਅ ਨਾਲ ਜੀ ਆਇਆਂ ਪ੍ਰੋਗਰਾਮ ਅਧੀਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ 25 ਮਾਰਚ ਸ਼ਾਮੀਂ 4 ਵਜੇ ਸ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿੱਚ ਰੂ ਬ ਰੂ ਕਰਵਾਇਆ ਜਾ ਰਿਹਾ ਹੈ।
ਪ੍ਰੋਗ੍ਰਾਮ ਸੰਯੋਜਕ ਡਾ: ਗੁਰਇਕਬਾਲ ਸਿੰਘ ਨੇ ਦੱਸਿਆ ਕਿ ਭੁਪਿੰਦਰ ਦੁਲੇਅ ਦੋ ਗ਼ਜ਼ਲ ਸੰਗ੍ਰਹਿ ਲਿਖ ਚੁਕੇ ਹਨ। ਪ੍ਰਸਿੱਧ ਸ਼ਾਇਰ ਡਾ: ਰਣਧੀਰ ਸਿੰਘ ਚੰਦ ਦੇ ਸਪੁੱਤਰ ਭੁਪਿੰਦਰ ਦੁਲੇਅ ਪਿਛਲੇ 30 ਸਾਲ ਤੋਂ ਕੈਨੇਡਾ ਚ ਵੱਸ ਰਹੇ ਹਨ। ਵਰਨਣਯੋਗ ਗੱਲ ਇਹ ਵੀ ਹੈ ਕਿ ਇਸ ਸਮਾਗਮ ਵਿੱਚ ਸੁਰਜੀਤ ਜੱਜ ਦੀ ਪ੍ਰੇਰਨਾ ਸਦਕਾ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਪੰਜਾਬ ਦੌਰੇ ਤੇ ਆਏ ਦੋ ਸਿੰਧੀ ਕਵੀ ਸ਼੍ਰੀ ਨਾਰੀ ਲਛਵਾਨੀ ਤੇ ਸ਼੍ਰੀਮਤੀ ਦਰੋਪਦੀ ਚੰਦਨਾਨੀ ਵੀ ਪੁੱਜਣਗੇ। ਪੰਜਾਬੀ ਸਾਹਿੱਤ ਤੇ ਲੇਖਕਾਂ ਨਾਲ ਨੇੜ ਵਧਾਉਣ ਤੇ ਜਾਣਕਾਰੀ ਹਾਸਲ ਕਰਨ ਹਿੱਤ ਇਹ ਦੋਵੇਂ ਲੇਖਕ ਪੰਜਾਬੀ ਭਵਨ ਪੁੱਜ ਰਹੇ ਹਨ।
ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਤੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਨੇ ਸਮੂਹ ਸਾਹਿੱਤ ਪ੍ਰੇਮੀਆਂ ਤੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰ੍ਹਾਂ ਦੀਆਂ ਸਰਗਰਮੀਆਂ ਚ ਪਹੁੰਚਣਾ ਯਕੀਨੀ ਬਣਾਉਣ।