← Go Back
ਲੁਧਿਆਣਾ: 6 ਫਰਵਰੀ 2019 - ਵਿਸ਼ਵ ਪੰਜਾਬੀ ਕਾਂਗਰਸ ਵੱਲੋਂ ਲਾਹੌਰ ਚ ਕਰਵਾਈ ਵਿਸ਼ਵ ਅਮਨ ਤੇ ਪੰਜਾਬੀ ਕਾਨਫਰੰਸ ਤੋਂ ਪਰਤ ਕੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਨੇ ਅੱਜ ਦੱਸਿਐ ਕਿ ਪਾਕਿਸਤਾਨ ਦੇ ਇਨਕਲਾਬੀ ਸ਼ਾਇਰ ਬਾਬਾ ਨਜਮੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੀ ਹੁਣ ਤੀਕ ਦੀ ਸਮੁੱਚੀ ਰਚਨਾ ਨੂੰ ਲੁਧਿਆਣਾ ਦੇ ਚੇਤਨਾ ਪ੍ਰਕਾਸ਼ਨ ਵੱਲੋਂ ਕੀਤਾ ਜਾ ਰਿਹਾ ਹੈ। ਬਾਬਾ ਨਜਮੀ ਨੇ ਇੱਕ ਮੁਲਾਕਾਤ ਵਿੱਚ ਦੱਸਿਆ ਕਿ ਉਨ੍ਹਾਂ ਦੀ ਕਵਿਤਾ ਦੇ ਦੇਸ਼ ਬਦੇਸ਼ ਵਿੱਚ ਅਨੇਕਾਂ ਪਾਠਕ ਹਨ ਪਰ ਹੁਣ ਤੀਕ ਦੀ ਸਮੁੱਚੀ ਛਪਣ ਦਾ ਵੱਖਰਾ ਹੀ ਆਨੰਦ ਹੈ। ਬਾਬਾ ਨਜਮੀ ਨੂੰ ਗੁਰਭਜਨ ਗਿੱਲ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ (ਸਰਗਰਮੀਆਂ) ਮਨਜਿੰਦਰ ਧਨੋਆ ਨੇ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਸਬੰਧ ਵਿੱਚ ਪਾਸ਼ ਮੈਮੋਰੀਅਲ ਟਰਸਟ ਤੇ ਪਲਸ ਮੰਚ ਵੱਲੋਂ ਵੀ ਬਾਬਾ ਨਜਮੀ ਨੂੰ ਬੁਲਾਉਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਬਾਬਾ ਨਜਮੀ ਨੇ ਦੱਸਿਆ ਕਿ ਦੇਸ਼ ਦੀ ਵੰਡ ਵੇਲੇ ਉਹ ਆਪਣੇ ਅੱਬਾ ਹਜ਼ੂਰ ਦੀ ਗੋਦੀ ਚੜ੍ਹ ਕੇ ਇੱਕ ਸਾਲ ਦੀ ਉਮਰ ਵਿੱਚ ਅੰਮ੍ਰਿਤਸਰ ਦੇ ਪਿੰਡ ਜਗਦੇਵ ਕਲਾਂ ਤੋਂ ਲਾਹੌਰ ਪੁੱਜਾ ਸੀ। ਉਸ ਨੂੰ ਬਹੁਤ ਬਾਦ ਚ ਪਤਾ ਲੱਗਾ ਕਿ ਇਹ ਪਿੰਡ ਤਾਂ ਵੱਡੇ ਪੰਜਾਬੀ ਸ਼ਾਇਰ ਹਾਸ਼ਮਸ਼ਾਹ ਦਾ ਹੈ ਜਿਸ ਕਿੱਸਾ ਸੱਸੀ ਪੁੰਨੂੰ ਤੇ ਦੋਹੜੇ ਲਿਖੇ ਸਨ। ਇਸੇ ਦੌਰਾਨ ਹਾਸ਼ਮਸ਼ਾਹ ਯਾਦਗਾਰੀ ਟਰਸਟ ਜਗਦੇਵ ਕਲਾਂ ਦੇ ਆਗੂ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਬਾਬਾ ਨਜਮੀ ਨੂੰ ਆਪਣਾ ਜੱਦੀ ਪਿੰਡ ਆਉਣ ਦਾ ਨਿਉਤਾ ਦਿੱਤਾ ਹੈ। ਗੁਰਭਜਨ ਗਿੱਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਸੱਜਰੇ ਗ਼ਜ਼ਲ ਸੰਗ੍ਰਹਿ ਰਾਵੀ ਤੇ ਮਨਜਿੰਦਰ ਧਨੋਆ ਦੇ ਗ਼ਜ਼ਲ ਸੰਗ੍ਰਹਿ ਸੁਰਮ ਸਲਾਈ ਨੂੰ ਸਾਂਝ ਪ੍ਰਕਾਸ਼ਨ ਲਾਹੌਰ ਵੱਲੋਂ ਸ਼ਾਹਮੁਖੀ ਵਿੱਚ ਛਾਪਿਆ ਜਾ ਰਿਹਾ ਹੈ। ਇਨ੍ਹਾਂ ਕਿਤਾਬਾਂ ਬਾਰੇ ਗੌਰਮਿੰਟ ਕਾਲਿਜ ਯੂਨੀਵਰਸਿਟੀ ਲਾਹੌਰ ਦੇ ਪੋਸਟ ਗਰੈਜੂਏਟ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ: ਸੱਯਦ ਭੁੱਟਾ ਤੋਂ ਇਲਾਵਾ ਪੰਜਾਬੀ ਕਵੀ ਅਫ਼ਜ਼ਲ ਸਾਹਿਰ, ਸਾਬਰ ਅਲੀ ਸਾਬਰ ਤੇ ਤਾਹਿਰਾ ਸਰਾ ਵੀ ਟਿਪਣੀਆਂ ਲਿਖ ਰਹੇ ਹਨ।
Total Responses : 267