ਹਰਦਮ ਮਾਨ
ਸਰੀ, 11 ਅਕਤੂਬਰ 2019 - ਸੰਸਾਰ ਪ੍ਰਸਿੱਧ ਚਿਤਰਕਾਰ ਜਰਨੈਲ ਸਿੰਘ ਆਰਟਿਸਟ ਵੱਲੋਂ ਇਥੇ ਸਥਾਪਿਤ "ਜਰਨੈਲ ਆਰਟ ਗੈਲਰੀ" ਵਿਚ ਯੂ.ਕੇ. ਤੋਂ ਆਏ ਪੰਜਾਬੀ ਸਾਹਿਤਕਾਰ ਕਿਰਪਾਲ ਸਿੰਘ ਪੂਨੀ ਨਾਲ ਮਨਾਈ ਇਕ ਦੁਪਹਿਰ ਦੌਰਾਨ ਪੰਜਾਬ ਤੋਂ ਬਾਹਰ ਇੰਗਲੈਂਡ, ਕੈਨੇਡਾ, ਅਮਰੀਕਾ, ਆਸਟਰੇਲੀਆ ਆਦਿ ਦੇਸ਼ਾਂ ਵਿਚ ਚੱਲ ਰਹੀਆਂ ਪੰਜਾਬੀ ਸਾਹਿਤਕ ਸਰਗਰਮੀਆਂ ਸਬੰਧੀ ਖੁੱਲ੍ਹੀ ਗੱਲਬਾਤ ਹੋਈ।
ਕਿਰਪਾਲ ਸਿੰਘ ਪੂਨੀ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਦੇਸ਼ਾਂ ਵਿਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਪ੍ਰਚਾਰ ਪਾਸਾਰ ਦੇ ਯਤਨਾਂ ਦੀ ਸ਼ੁਰੂਆਤ ਇੰਗਲੈਂਡ ਤੋਂ ਹੋਈ ਅਤੇ ਇੰਗਲੈਂਡ ਵਿਚ ਕਈ ਨਾਮਵਰ ਲੇਖਕਾਂ ਨੇ ਸਾਹਿਤਕ ਸਰਗਰਮੀਆਂ ਅਰੰਭ ਕੀਤੀਆਂ ਅਤੇ ਬਹੁਤ ਦੇਰ ਤੱਕ ਇੰਗਲੈਂਡ ਹੀ ਵਿਦੇਸ਼ਾਂ ਵਿਚ ਪੰਜਾਬੀ ਸਾਹਿਤਕ ਸਰਗਰਮੀਆਂ ਦਾ ਮੋਹਰੀ ਬਣਿਆਂ ਰਿਹਾ ਅਤੇ ਇਥੋਂ ਦੇ ਲੇਖਕਾਂ ਨੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਤ ਕਰਨ ਹਿਤ ਆਪਣਾ ਵਡਮੁੱਲਾ ਯੋਗਦਾਨ ਪਾਇਆ। ਪਰ ਹੁਣ ਇੰਗਲੈਂਡ ਦੇ ਲੇਖਕਾਂ ਦੀ ਪੁਰਾਣੀ ਪੀੜ੍ਹੀ ਹੌਲੀ ਹੌਲੀ ਭੁਰ ਰਹੀ ਹੈ ਅਤੇ ਇੰਗਲੈਂਡ ਵਿਚ ਪੰਜਾਬ ਤੋਂ ਨਵੇਂ ਪੰਜਾਬੀ ਪਰਵਾਸੀ ਵੀ ਬਹੁਤ ਘੱਟ ਆ ਰਹੇ ਹਨ ਜਿਸ ਕਾਰਨ ਉਥੇ ਪੰਜਾਬੀ ਸਾਹਿਤ ਪ੍ਰਤੀ ਪਹਿਲਾਂ ਵਾਲੀਆਂ ਸਰਗਰਮੀਆਂ ਨਹੀਂ ਰਹੀਆਂ। ਉਨ੍ਹਾਂ ਕਿ ਅੱਜ ਕੱਲ੍ਹ ਕੈਨੇਡਾ ਵਿਚ ਪੰਜਾਬੀ ਸਾਹਿਤ ਦੀ ਗੱਲਬਾਤ ਸਭ ਤੋਂ ਵੱਧ ਹੋ ਰਹੀ ਹੈ ਅਤੇ ਇਹ ਵੀ ਸਾਡੇ ਲਈ ਬੇਹੱਦ ਉਤਸ਼ਾਹਜਨਕ ਸਥਿਤੀ ਹੈ ਕਿ ਆਸਟਰੇਲੀਆ ਵਿਚ ਪੰਜਾਬੀ ਸਾਹਿਤ ਦੀ ਖੁਸ਼ਬੂ ਪ੍ਰਫੁੱਲਤ ਹੋ ਰਹੀ ਹੈ ਬੇਸ਼ੱਕ ਆਸਟਰੇਲੀਆ ਵਿਚ ਪੰਜਾਬੀਆਂ ਦੀ ਆਮਦ ਸ਼ੁਰੂ ਹੋਇਆਂ ਅਜੇ ਬਹੁਤਾ ਸਮਾਂ ਨਹੀਂ ਹੋਇਆ।
ਗੱਲਬਾਤ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਆਗਮਨ ਪੁਰਬ ਸਬੰਧੀ ਚਰਚਾ ਵੀ ਹੋਈ ਅਤੇ ਸ੍ਰੀ ਪੂਨੀ ਨੇ ਕਿਹਾ ਕਿ ਗੁਰੂ ਨਾਨਕ ਆਪਣੇ ਦੌਰ ਦੇ ਮਹਾਨ ਬੁੱਧੀਜੀਵੀ ਸਨ ਅਤੇ ਮਨੁੱਖਤਾ ਦੇ ਪੁਜਾਰੀ ਸਨ। ਕਿਰਪਾਲ ਸਿੰਘ ਪੂਨੀ ਨੇ ਆਪਣੇ ਜੀਵਨ ਦੇ ਵਿਸ਼ੇਸ਼ ਪਲ ਅਤੇ ਸਾਹਿਤਕ ਸਫਰ ਵੀ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੀਆਂ ਪ੍ਰਕਾਸ਼ਿਤ ਪੰਜ ਪੁਸਤਕਾਂ (ਖਾਬਾਂ ਦੀ ਸਰਗਮ, ਤੇਰੇ ਪਰਤ ਆਉਣ ਤੀਕ, ਮੁਹੱਬਤ ਦਾ ਗੀਤ, ਤੇਰਾ ਪਲ, ਪਰਵਾਜ਼ ਤੇ ਪਰਵਾਸ) ਬਾਰੇ ਵੀ ਸੰਖੇਪ ਵਿਚ ਜਾਣਕਾਰੀ ਦਿੱਤੀ ਅਤੇ ਇਹ ਪੁਸਤਕਾਂ ਹਾਜਰ ਦੋਸਤਾਂ ਨੂੰ ਭੇਟ ਕੀਤੀਆਂ। ਇਸ ਗੱਲਬਾਤ ਵਿਚ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ, ਜਰਨੈਲ ਸਿੰਘ ਆਰਟਿਸਟ, ਸ਼ਾਇਰ ਮੋਹਨ ਗਿੱਲ, ਹਰਦਮ ਮਾਨ, ਸੋਹਣ ਸਿੰਘ ਪੂਨੀ ਵੀ ਸ਼ਾਮਲ ਹੋਏ।
ਹਰਦਮ ਮਾਨ