ਬਾਬੇ ਭਗਤੂ ਦੀ ਅੰਤਮ ਯਾਤਰਾ - ਹਰਲਾਲ ਸਿੰਘ
ਲੁਧਿਆਣਾ, 2 ਅਕਤੂਬਰ 2021 - ਬਾਬੇ ਭਗਤੂ ਦੇ ਚੇਲਿਆਂ ਅਤੇ ਮਾਲਵੇ ਦੇ ਹੋਰ ਬੋਲੀਕਾਰਾਂ ਵੱਲੋਂ ਆਪਣੀਆਂ ਬੋਲੀਆਂ ਰਾਹੀਂ ਬਾਬੇ ਨੂੰ ਅੰਤਮ ਵਿਦਾਇਗੀ ਦਿੱਤੀ ਗਈ।
ਹੋ ਜੇ ਕਰਤਾ ਕੁਝ ਕਰਨ ਨੂੰ ਲੋੜੇ, ਉਹਦਾ ਅੰਤ ਨਾ ਆਵੇ।
ਬਿਨਾਂ ਨਾਮ ਤੋਂ ਕੁਝ ਨਹੀਂ ਮਿਲਦਾ, ਐਂਵੇ ਨਾ ਮਗਜ਼ ਖਪਾ ਵੇ।
ਆਸਾ ਦੇ ਵਿੱਚ ਵਾਸਾ ਵੀਰਨੋਂ, ਵੇਦ ਕੁਰਾਨ ਬਤਾਵੇ।
ਹੋ ਕੀੜੇ ਵਾਸਤੇ ਵਿੱਚ ਪੱਥਰਾਂ ਦੇ, ਰਿਜਕ ਆਪ ਪੁਚਾਵੇ।
ਬਿਨਾਂ ਅਮਲ ਤੋਂ ਰੱਬ ਨਹੀਂ ਧਿਜਦਾ, ਸਿੰਘ ਭਗਤੂ ਫੁਰਮਾਵੇ।
ਨਾਲ ਦਰਿਆਵਾਂ ਦੇ, ਕੀ ਛੱਪੜਾਂ ਦੇ ਦਾਅਵੇ।
ਨਾਲ ਦਰਿਆਵਾਂ ਦੇ…….
ਘਰ ਤੋਂ ਲੈ ਕੇ ਸਿਵਿਆਂ ਤਕ ਸਾਰੇ ਰਾਹ ਬੋਲੀਆਂ ਪਾਈਆਂ ਗਈਆਂ। ਧਿਆਨ ਨਾਲ ਸਾਰੀਆਂ ਬੋਲੀਆਂ ਸੁਣਿਓ, ਇਕ ਇਕ ਬੋਲੀ ਭਾਰਤੀ ਦਰਸ਼ਨ ਦੀ ਪ੍ਰੋੜ੍ਹਤਾ ਕਰਦੀ ਹੈ। ਜਿਉਣਾ ਝੂਠ, ਮਰਨਾ ਸੱਚ, ਮੋਹ ਮਾਇਆ ਦਾ ਤਿਆਗ, ਨੇਕ ਕਰਮ ਅਤੇ ਗੁਰਬਾਣੀ ਦੇ ਲੜ ਲੱਗਣ ਜਿਹੀਆਂ, ਇਨਸਾਨੀ ਰੂਹ ਨੂੰ ਨਸੀਹਤਾਂ ਦੇਣ ਵਾਲੀਆਂ ਇਹ ਬੋਲੀਆਂ ਪੰਜਾਬੀ ਲੋਕ ਚੇਤਨਾ ਦਾ ਅਸਲ ਸ਼ੀਸ਼ਾ ਹਨ ਨਾ ਕਿ ਇਸ਼ਕ ਮੁਸ਼ਕ ਦੀਆਂ ਸਿਰਫ਼ ਦੋ ਤੁਕੀਆਂ ਬੋਲੀਆਂ।
ਮਾਲਵੇ ਦੀ ਲੰਮੀ ਬੋਲੀ ਆਪਣੇ ਆਪ ਵਿੱਚ ਇੱਕ ਕਾਵਿ ਵੰਨਗੀ ਹੈ। ਜੀਵਨ ਦੇ ਅੰਤਮ ਸੱਚ ਨੂੰ ਮਲਵਈ ਬੋਲੀਕਾਰਾਂ ਨੇ ਲੰਮੀ ਬੋਲੀ ਰਾਹੀਂ ਬਾਕਮਾਲ ਚਿਤਰਿਆ ਹੈ।
ਹੋ ਵਿੱਚ ਦੁਨੀਆਂ ਦੇ ਆ ਕੇ ਬੰਦਿਆ, ਕਿਉਂ ਮਾੜੇ ਕੰਮ ਕਰਦਾ।
ਬੇੜਾ ਪਾਪ ਦਾ ਡੁੱਬੂ ਹਮੇਸ਼ਾਂ, ਨਹੀਂ ਦੇਖਿਆ ਤਰਦਾ।
ਜਦੋਂ ਬੰਦੇ ਦਾ ਅੰਤ ਆਂਵਦਾ, ਫਿਰ ਯਾਦ ਰੱਬ ਨੂੰ ਕਰਦਾ।
ਛਾਪੇ ਵਾਲ਼ਿਆਂ ਹੱਥ ਕੁਝ ਨਹੀਂ ਆਉਣਾ, ਮਨ ਰਹਿਜੂ ਹੌਂਕੇ ਭਰਦਾ।
ਰੰਗਲੀ ਦੁਨੀਆਂ ਤੋਂ, ਜੀਅ ਨੀ ਜਾਣ ਨੂੰ ਕਰਦਾ।
ਰੰਗਲੀ ਦੁਨੀਆਂ ਤੋਂ…..
ਤੁਰਤ ਬੋਲੀਆਂ ਜੋਡ਼ਨ ਦੀ ਜੁਗਤ ਵੀ ਮਲਵਈ ਬੋਲੀਕਾਰਾਂ ਦੇ ਹਿੱਸੇ ਆਈ ਹੈ। ਭਗਤੂ ਦੇ ਸਭ ਤੋਂ ਪਹਿਲੇ ਚੇਲੇ ਬਾਬਾ ਪਾਲ ਸਿੰਘ ਭੁੱਲਰ ਪਿੰਡ ਸੰਘੇੜੇ ਦਾ ਚੇਲਾ ਗਿਆਨੀ ਬਲਵੀਰ ਸਿੰਘ ਫੱਲੇਵਾਲੀਆ ਆਪਣੀ ਬੋਲੀ ਰਾਹੀਂ ਬਾਬੇ ਭਗਤੂ ਨੂੰ ਇਉਂ ਸ਼ਰਧਾਂਜਲੀ ਦਿੰਦਾ ਹੈ :-
ਉਹ ਮੌਤ ਮੂਹਰੇ ਤਾਂ ਪੇਸ਼ ਨਹੀਂ ਜਾਂਦੀ, ਵੱਜਦਾ ਜਦੋਂ ਨਗਾਰਾ।
ਸਾਰੀ ਦੁਨੀਆਂ ਛੱਡ ਗਿਆ ਵੀਰਨੋ, ਰਹਿ ਗਿਆ ਕੂਡ਼ ਪਸਾਰਾ।
ਭਗਤੂ ਰਾਮ ਨੇ ਬੋਲੀਆਂ ਦੇ ਵਿੱਚ, ਜੀਵਨ ਲਾਤਾ ਸਾਰਾ।
ਨਵੀਂ ਨਵੇਲੀ ਬੋਲੀ ਜੋਡ਼ਦਾ, ਇਹ ਜਾਣੇ ਜੱਗ ਸਾਰਾ।
ਪਾਲ ਸੰਘੇੜਿਆਂ ਦਾ, ਭਗਤੂ ਗੁਰੂ ਪਿਆਰਾ।
ਪਾਲ ਸੰਘੇੜਿਆਂ ਦਾ……