ਗੁਰਪ੍ਰੀਤ ਸਿੰਘ ਮੰਡਿਆਣੀ
ਲੁਧਿਆਣਾ, 18 ਜੂਨ 2020 - ਪਾਕਿਸਤਾਨ ਦੇ ਮਸ਼ਹੂਰ ਟੈਲੀਵੀਜਨ ਐਂਕਰ ਜਨਾਬ ਤਾਰਿਕ ਅਜੀਜ 86 ਸਾਲ ਦੀ ਉਮਰ ਵਿਚ 17 ਜੂਨ 2020 ਨੂੰ ਵਫ਼ਾਤ ਪਾ ਗਏ।ਉਨ੍ਹਾਂ ਵੱਲੋਂ ਪੇਸ਼ ਕੀਤਾ ਜਾਂਦਾ ਪਾਕਿਸਤਾਨ ਅਤੇ ਭਾਰਤ ਦੇ ਕਰੋੜਾਂ ਦਰਸ਼ਕਾਂ ਵੱਲੋਂ ਦੇਖਿਆ ਜਾਣ ਵਾਲਾ ਪਾਕਿ ਟੀਵੀ ਦਾ ਸਭ ਤੋਂ ਪਸੰਦੀਦਾ ਪ੍ਰੋਗਰਾਮ ਹੁੰਦਾ ਸੀ। ਡਿਸ਼ ਐਨਟੀਨੇ ਆਉਣ ਤੋਂ ਪਹਿਲਾਂ ਜਦੋਂ ਟੀਵੀ ਸਾਦੇ ਅੈਨਟੀਨਿਆਂ ਨਾਲ ਚਲਦੇ ਹੁੰਦੇ ਸੀ ਤਾਂ ਲਾਹੌਰ ਦਾ ਟੀਵੀ ਸਟੇਸ਼ਨ ਅੱਧੇ ਭਾਰਤੀ ਪੰਜਾਬ ਵਿਚ ਬਹੁਤ ਕਲੀਅਰ ਦੇਖਿਆ ਜਾ ਸਕਦਾ ਸੀ।ਚੜਦੇ ਪੰਜਾਬ ਵਿਚ ਓਹਨੀ ਦਿਨੀਂ ਸਿਰਫ਼ ਅੰਮ੍ਰਿਤਸਰ ਟੀਵੀ ਸਟੇਸ਼ਨ ਹੁੰਦਾ ਸੀ ਬਾਅਦ ਵਿਚ ਜੀਹਦਾ ਇਕ ਹੋਰ ਰਿਲੇਅ ਸੈਂਟਰ ਜਲੰਧਰ ਵਿਚ ਬਣਿਆ।
ਤਾਰਿਕ ਅਜੀਜ ਨੇ ਇਹ ਕੁਇਜ ਸ਼ੋਅ ਨਿਲਾਮ ਘਰ ਦੇ ਨਾਂ ਤੇ 1974 ਵਿਚ ਪੀ.ਟੀਵੀ ਤੇ ਸ਼ੁਰੂ ਕੀਤਾ।ਇਹ ਇਕ ਕਮਰਸ਼ੀਅਲ ਪ੍ਰੋਗਰਾਮ ਸੀ ਜੀਹਦੇ 'ਚ ਸਵਾਲ ਨਾਮਾ ਹੁੰਦਾ ਸੀ ਤੇ ਵਪਾਰਕ ਅਦਾਰਿਆਂ ਵੱਲੋਂ ਸਹੀ ਜਵਾਬ ਦੇਣ ਵਾਲਿਆਂ ਦੀ ਹੌਸਲਾ ਅਫ਼ਜਾਈ ਹਿੱਤ ਇਨਾਮ ਦਿੱਤੇ ਜਾਂਦੇ ਸਨ।ਇੱਕ ਘੰਟੇ ਦੇ ਇਸ ਉਰਦੂ ਪ੍ਰੋਗਰਾਮ ਵਿਚ ਜਦੋਂ ਤਾਰਿਕ ਅਜੀਜ ਵੱਲੋਂ ਠੇਠ ਪੰਜਾਬੀ ਮੁਹਾਵਰੇ ਰਾਂਹੀ ਜਦੋਂ ਪੰਜਾਬੀ ਕਲਚਰ ਦੇ ਹਵਾਲੇ ਦਿੱਤੇ ਜਾਂਦੇ ਸਨ ਤਾਂ ਇੱਕ ਹਜਾਰ ਦੀ ਕਪੈਸਟੀ ਵਾਲੇ ਹਾਲ ਵਿਚ ਬੈਠੇ ਅਤੇ ਟੀਵੀ ਸਕਰੀਨ ਮੁਹਰੇ ਬੈਠੇ ਦਰਸ਼ਕਾਂ ਦੀਆਂ ਅੱਖਾਂ ਰੁਸ਼ਨਾ ਉਠਦੀਆਂ ਸਨ।ਤਾਰਿਕ ਅਜੀਜ ਦੀ ਓਨੀ ਦਿਨੀ ਤਨਖ਼ਾਹ ਚਾਰ ਲੱਖ ਰੁਪਏ ਫੀ ਪ੍ਰੋਗਰਾਮ ਹੁੰਦੀ ਸੀ ਜੋ ਬਾਅਦ ਵਿਚ ਦੱਸ ਲੱਖ ਰੁਪਏ ਹੋ ਗਈ ਸੀ ਜਿੱਥੋਂ ਉਹਨਾਂ ਦੀ ਮਕਬੂਲੀਅਤ ਦਾ ਅੰਦਾਜਾ ਲਾਇਆ ਜਾ ਸਕਦਾ ਹੈ। ਮੈਂ ਭਾਵੇਂ ਜਿੰਦਗੀ ਵਿਚ ਟੈਲੀਵੀਜਨ ਬਹੁਤ ਘੱਟ ਦੇਖਿਆ ਹੈ ਪਰ ਤਾਰਿਕ ਅਜੀਜ ਸ਼ੋਅ ਆਮ ਤੌਰ ਤੇ ਦੇਖ ਲੈਂਦਾ ਸੀ।ਰੱਬ ਨੇ ਮੈਨੂੰ ਉਰਦੂ ਜ਼ੁਬਾਨ ਬੋਲਣ ਅਤੇ ਸਮਝਣ ਦੀ ਜਿੰਨੀ ਕੁ ਸਲਾਹੀਅਤ ਬਖ਼ਸ਼ੀ ਹੈ ਉਹ ਤਾਰਿਕ ਅਜੀਜ ਸ਼ੋਅ ਦੇ ਮਾਰਫ਼ਤ ਹੀ ਹੋਈ ਹੈ।
26 ਨਵੰਬਰ 1964 ਨੂੰ ਪਾਕਿਸਤਾਨ ਟੈਲੀਵੀਜਨ ਦੇ ਉਦਘਾਟਨੀ ਪ੍ਰੋਗਰਾਮ ਦੌਰਾਨ ਪੀ.ਟੀਵੀ ਤੇ ਸਭ ਤੋਂ ਪਹਿਲੇ ਮਰਦ ਅਨਾਊੁਂਸ਼ਰ ਹੋਣ ਦਾ ਮਾਣ ਵੀ ਜਨਾਬ ਤਾਰਿਕ ਅਜੀਜ ਨੂੰ ਹੀ ਜਾਂਦਾ ਹੈ।26 ਅਪ੍ਰੈਲ 1936 ਨੂੰ ਅਰਾਈਂ ਬਰਾਦਰੀ ਦੇ ਮੀਆਂ ਅਬਦੁਲ ਅਜੀਜ ਦੇ ਘਰ ਜਲੰਧਰ 'ਚ ਪੈਦਾ ਹੋਣ ਵਾਲੇ ਤਾਰਿਕ ਅਜੀਜ ਨੇ ਗਰੈਜੂਏਸ਼ਨ ਗੌਰਮੈਂਟ ਕਾਲਜ਼ ਮਿੰਟਗੁਮਰੀ ਙਸਾਹੀਵਾਲਚ ਤੋਂ ਹਾਸਲ ਕੀਤੀ।ਉਨ੍ਹਾਂ ਨੇ 33 ਉਰਦੂ ਅਤੇ 11 ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕੀਤਾ।1974 'ਚ ਸ਼ੁਰੂ ਹੋਣ ਵਾਲਾ ਪ੍ਰੋਗਰਾਮ ਨਿਲਾਮ ਘਰ ਬਾਅਦ ਵਿਚ ਤਾਰਿਕ ਅਜੀਜ ਸ਼ੋਅ ਅਤੇ ਬਜਮੇ ਤਾਰਿਕ ਅਜੀਜ ਦੇ ਨਾਂ ਥੱਲੇ 40 ਸਾਲ ਚੱਲਿਆ।ਇਸੇ ਦੌਰਾਨ ਉਨ੍ਹਾਂ ਨੇ ਸਿਆਸਤ ਵਿਚ ਦੀ ਹੱਥ ਅਜਮਾਉਂਦਿਆਂ 1996 ਵਿਚ ਪਾਰਲੀਮੈਂਟ ਦੀ ਚੋਣ ਵੀ ਜਿੱਤੀ।
ਤਾਰਿਕ ਅਜੀਜ ਦੇ ਘਰ ਇੱਕ ਬੇਟਾ ਪੈਦਾ ਹੋਇਆ ਜੋ ਕਿ ਛੋਟੀ ਉਮਰੇ ਹੀ ਅੱਲ੍ਹਾ ਨੂੰ ਪਿਆਰਾ ਹੋ ਗਿਆ ਉਨ੍ਹਾਂ ਨੇ ਇਹਨੂੰ ਰੱਬ ਦੀ ਰਜਾ ਹੀ ਮੰਨਿਆ ਤੇ ਯਤੀਮ ਬੱਚਿਆਂ ਦੀ ਸੇਵਾ ਨੂੰ ਹੀ ਆਪਣਾ ਸ਼ੌਕ ਬਣਾਇਆ ਉਹ ਅਕਸਰ ਲਾਹੌਰ ਦੇ ਯਤੀਮ ਖ਼ਾਨਾ ਚੌਕ ਵਿਚ ਬਣੇ ਦਾਰੁਲ ਸ਼ਫ਼ਾਕਤ ਨਾਅ ਦੇ ਇਕ ਯਤੀਮ ਖ਼ਾਨੇ ਅਕਸਰ ਹੀ ਜਾਂਦੇ ਰਹਿੰਦੇ ਅਤੇ ਯਤੀਮ ਬੱਚਿਆਂ ਦੀ ਸੇਵਾ ਕਰਦੇ ਸੀ।ਆਪਣੇ ਜਿਊਂਦੇ ਜੀਅ ਹੀ ਉਨ੍ਹਾਂ ਨੇ ਗਾਰਡਨ ਟਾਊਨ ਲਾਹੌਰ ਵਿਚ ਬਣੇ ਆਪਣੇ ਆਲੀਸ਼ਾਨ ਬੰਗਲੇ ਤੋਂ ਇਲਾਵਾ ਇੰਨ੍ਹਾਂ ਨੇ ਆਪਣੀ ਬੇਅੰਤ ਦੌਲਤ ਇਸੇ ਯਤੀਮ ਖ਼ਾਨੇ ਦੇ ਨਾਅ ਵਸੀਅਤ ਕਰਵਾ ਦਿੱਤੀ ਸੀ।ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੋਂ ਇਲਾਵਾ ਬਹੁਤ ਸਾਰੇ ਕੇਂਦਰੀ ਵਜੀਰਾਂ ਸਿਆਸੀ,ਫ਼ਿਲਮੀ ਖੇਡ ਅਤੇ ਹੋਰ ਮਸ਼ਹੂਰ ਹਸਤੀਆਂ ਨੇ ਜਨਾਬ ਤਾਰਿਕ ਅਜੀਜ ਖਿਰਾਜ ਏ ਅਕੀਦਤ ਪੇਸ਼ ਕੀਤੀ ਹੈ।
ਤਾਰਿਕ ਅਜੀਜ਼ ਸ਼ੋਅ ਦੀ ਇੱਕ ਝਲਕ ਦੇਖਣ ਲਈ ਕਲਿੱਕ
http://youtu.be/atapEq9Ql7s