ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਚਲਾਣੇ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 7 ਅਕਤੂਬਰ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬੀਬੀ ਜਗੀਰ ਕੌਰ ਨੇ ਜਥੇਦਾਰ ਸੇਖਵਾਂ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਸਿੱਖ ਪੰਥ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੰਮਾ ਸਮਾਂ ਮੈਂਬਰ ਰਹੇ ਅਤੇ ਗੁਰੂ ਘਰਾਂ ਦੇ ਪੰਥਕ ਪ੍ਰਬੰਧ ਲਈ ਸਹਿਯੋਗ ਬਣੇ।
ਉਨ੍ਹਾਂ ਕਿਹਾ ਕਿ ਸ. ਸੇਖਵਾਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸੇਵਾ ਨਿਭਾਉਂਦਿਆਂ ਪੰਜਾਬ ਦੇ ਹਿੱਤਾਂ ਲਈ ਲੜੇ ਸੰਘਰਸ਼ਾਂ ਦੌਰਾਨ ਵੀ ਅਹਿਮ ਯੋਗਦਾਨ ਪਾਇਆ। ਬੀਬੀ ਜਗੀਰ ਕੌਰ ਨੇ ਆਖਿਆ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇਕ ਪੰਥਕ ਆਗੂ ਸਨ, ਜਿਨ੍ਹਾਂ ਦੇ ਅਕਾਲ ਚਲਾਣੇ ਨਾਲ ਵੱਡਾ ਘਾਟਾ ਪਿਆ ਹੈ। ਬੀਬੀ ਜਗੀਰ ਕੌਰ ਨੇ ਜਥੇਦਾਰ ਸੇਖਵਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਅਕਾਲ ਚਲਾਣਾ ਕਰ ਜਾਣ ’ਤੇ ਦੁੱਖ ਪ੍ਰਗਟਾਇਆ।