ਅਫਗਾਨਿਸਤਾਨ ਵਿੱਚ ਇਤਿਹਾਸਕ ਹੱਥ ਲਿਖਤਾਂ ਤੇ ਨਿਸ਼ਾਨੀਆਂ ਭਾਰਤ ਲਿਆਉਣ ਲਈ ਜਤਨ ਕੀਤੇ ਜਾਣ: ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 25 ਅਗਸਤ 2021 - ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਅਫਗਾਨਿਸਤਾਨ ਅੰਦਰ ਜਲਾਲਾਬਾਦ, ਕਾਬਲ, ਕੰਧਾਰ, ਗਜ਼ਨੀ, ਖੋਸਤ, ਸ਼ਰਾਕਾਰ ਕੰਦੂਜ, ਗਰਦੇਜ, ਖਾਨਬਾਦ ਆਦਿ ਕਸਬਿਆਂ, ਪਿੰਡਾਂ ਦੇ ਗੁਰੂ ਘਰਾਂ ਵਿੱਚ ਅਤੇ ਕਈ ਸਿੱਖਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਹਨ ਜੋ ਮੌਜੂਦਾ ਸਥਿਤੀ ਵਿੱਚ ਲੁਪਤ ਹੋ ਜਾਣ ਦਾ ਖਦਸਾ ਬਣਿਆ ਹੋਇਆ ਹੈ।ਸ਼੍ਰੋਮਣੀ ਗੁ: ਪ੍ਰ: ਕਮੇਟੀ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਭਾਰਤ ਸਰਕਾਰ ਰਾਹੀਂ ਇਹ ਸਰੂਪ ਅਤੇ ਇਤਿਹਾਸਕ ਨਿਸਾਣੁ ਵਾਪਸ ਭਾਰਤ ਲਿਆਉਣ ਲਈ ਵਿਸ਼ੇਸ਼ ਤੌਰ ਤੇ ਜਤਨ ਕਰਨੇ ਚਾਹੀਦੇ ਹਨ।
ਅੱਜ ਏਥੋ ਨਿਹੰਗ ਸਿੰਘਾਂ ਦੀ ਛਾਉਣੀ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਸ਼ਹੀਦ ਤੋਂ ਬੁੱਢਾ ਦਲ ਦੇ ਸਕੱਤਰ ਸ੍ਰ. ਦਿਲਜੀਤ ਸਿੰਘ ਬੇਦੀ ਵੱਲੋ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ ਦੇ ਪਾਵਨ ਸਰੂਪਾਂ ਤੋਂ ਇਲਾਵਾ ਬਾਬਰ ਬਾਦਸ਼ਾਹ ਵੇਲੇ ਗੁਰੂ ਨਾਨਕ ਸਾਹਿਬ ਨੇ ਜੋ ਚੱਕੀ ਚਲਾਈ ਸੀ, ਜਿਸ ਤੇ ਫਾਰਸੀ ਵਿਚ ਆਲਮਗੀਰ ਬਾਦਸ਼ਾਹ ਗਾਜ਼ੀ, ਮੁਅਜਜ ਬਹਾਦਰ ਸ਼ਾਹ ਜਲੀਲਕਦਰ ਵਾ ਦੁਰਾਨੀਆ ਲਿਖਿਆ ਹੋਇਆ ਹੈ।
ਏਸੇ ਤਰਾਂ ਗੁਰੂ ਹਰਗੋਬਿੰਦ ਸਾਹਿਬ ਦਾ ਯਾਦਗਾਰੀ ਪੁਰਾਤਨ ਮਖਮਲੀ ਚੋਲਾ ਵੀ ਹੈ।ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨਾਲ ਸਬੰਧਤ ਨਿਸਾਣੁ ਅਤੇ ਹੱਥ ਲਿਖਤ ਸਰੂਪਾਂ ਦੀ ਸਾਂਭ ਸੰਭਾਲ ਅਜਿਹੀ ਸਥਿਤੀ ਵਿਚ ਸੰਵੇਦਨਸ਼ੀਲ ਹੈ।ਉਨ੍ਹਾਂ ਦੀ ਮਰਯਾਦਾ ਅਨੁਸਾਰ ਰੱਖ ਰਖਾਅ ਕਰਨ ਲਈ ਯੋਗ ਉਪਰਾਲੇ ਕਰਨੇ ਲਾਜ਼ਮੀ ਹਨ।ਉਨ੍ਹਾਂ ਕਿਹਾ ਕਿ ਇਤਿਹਾਸਕ ਹਵਾਲਿਆਂ ਅਨੁਸਾਰ ਕਾਬਲ ਵਿੱਚ ਇੱਕ ਪ੍ਰੇਮੀ ਸਿੰਘ ਭਾਈ ਮਨਸਾ ਸਿੰਘ ਹੋਏ ਹਨ ਇਨਾਂ ਇਕ ਛੋਟਾ ਜਿਹਾ ਗੁਰਦੁਆਰਾ ਬਨਵਾਇਆ ਸੀ ਜਿਸ ਨੂੰ ਬਾਬਾ ਚੇਤ ਸਿੰਘ ਜੀ ਨੇ ਨਾਲ ਦੇ ਘਰ ਖਰੀਦ ਕੇ ਵੱਡਾ ਕੀਤਾ।ਏਥੇ ਦੋ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦੋ ਸਰੂਪ ਸ੍ਰੀ ਦਸਮ ਗ੍ਰੰਥ ਦੇ ਦੱਸੇ ਜਾਂਦੇ ਸਨ।
ਗੁ: ਬਾਬਾ ਸ੍ਰੀ ਚੰਦ ਜੀ, ਗੁ: ਖਾਲਸਾ ਡੇਰਾ ਭਾਈ ਗੁਰਦਾਸ ਜੀ, ਗੁ: ਗੁਰੂ ਨਾਨਕ ਜੀ, ਗੁ: ਗੁਰੂ ਹਰਿਰਾਏ ਸਾਹਿਬ ਜੀ, ਗੁ: ਟਿੱਬੀ ਸਾਹਿਬ ਘੜੂਕਾ ਪਹਾੜ, ਗੁ: ਕੋਠਾ ਸਾਹਿਬ ਪਿੰਡ ਅਸਕਾ, ਜਲਾਲਾਬਾਦ ਵਿਚ ਗੁ: ਗੁਰੂ ਨਾਨਕ ਦਰਬਾਰ, ਗੁ: ਚਸ਼ਮਾ ਸਾਹਿਬ ਸੁਲਤਾਨਪੁਰ, ਗੁ: ਤੇਗ ਬਹਾਦਰ ਜੀ, ਕੰਧਾਰ ਵਿਖੇ ਧਰਮਸ਼ਾਲਾ ਸ੍ਰੀ ਗੁਰੂ ਨਾਨਕ ਦੇਵ ਜੀ, ਸੁਥਰਿਆਂ ਦੀ ਧਰਮਸ਼ਾਲਾ, ਵੱਡੀ, ਛੋਟੀ ਧਰਮਸ਼ਾਲਾ, ਮਸੰਦਾਂ ਦੀ ਧਰਮਸ਼ਾਲਾ, ਗਜ਼ਨੀ ਰਾਜ ਦੇ ਗੁਰਦੁਆਰਾ ਕੋਠੜਾ ਸਾਹਿਬ, ਸ੍ਰੀ ਗੁਰੂ ਸਿੰਘ ਸਭਾ, ਗੁ: ਅਬਲੀਸ਼ ਅਤੇ ਗਰਦੇਜ ਵਿਖੇ ਚਸ਼ਮਾ ਖਾਟਖਾਓ ਹੈ। ਬਹੁਤ ਸਾਰੇ ਗੁਰੂ ਘਰਾਂ ‘ਚ ਹੱਥ ਲਿਖਤ ਸਰੂਪਾਂ ਦੀ ਦਸ ਪੈਂਦੀ ਹੈ।ਗੁਰਦੁਆਰਾ ਗੰਜਬਖਸ਼, ਗੁਰਦੁਆਰਾ ਜੋਤੀ ਸਰੂਪ ਲਾਹੌਰੀ ਦਰਵਾਜ਼ਾ, ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਕੋਹਾਰੀ ਕੂਚਾ ਹਿੰਦ ਗੁਜਰ, ਗੁ: ਭਾਈ ਪਿਰਾਣਾ ਸਰਾਇ ਲਾਹੌਰੀਆ, ਆਦਿ ਵਿਚ ਵੀ ਸਰੂਪ ਹੋਣ ਬਾਰੇ ਵੇਰਵੇ ਆ ਰਹੇ ਹਨ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ ਨੇ ਕਿਹਾ ਕਿ ਵੱਡੀ ਚਿੰਤਾ ਵਾਲੀ ਗੱਲ ਹੈ ਕਿ ਸਿੱਖ ਤਾਂ ਸਾਰੇ ਉਥੋਂ ਹਿਜ਼ਰਤ ਕਰ ਰਹੇ ਹਨ।ਅਫਗਾਨਿਸਤਾਨ ਵਿਚ ਖਾਨਾਜੰਗੀ ਤੇ ਲੜਾਈਆਂ ਕਾਰਨ ਧਾਰਮਿਕ ਅਸਥਾਨਾਂ ਮੌਜੂਦਾ ਸਥਿਤੀ ਬਾਰੇ ਹਿਜਰਤ ਕਰਕੇ ਆਏ ਸਿੱਖਾਂ ਤੋਂ ਜਾਣਕਾਰੀ ਲੈ ਕੇ ਦਿੱਲੀ ਕਮੇਟੀ ਤੇ ਸ਼੍ਰੋਮਣੀ ਕਮੇਟੀ ਨੂੰ ਫੋਰੀ ਕਾਰਵਾਈ ਕਰਨੀ ਕਰਾਉਣੀ ਚਾਹੀਦੀ ਹੈ।