- ਝੋਨੇ ਦੀ ਰਹਿੰਦ-ਖੂਹਿੰਦ ਨੂੰ ਜ਼ਮੀਨ ਵਿੱਚ ਦਬਾ ਕੇ ਕੀਤੀ ਜਾਵੇ ਕਣਕ ਦੀ ਬਿਜਾਈ: ਡਿਪਟੀ ਕਮਿਸ਼ਨਰ
ਫਿਰੋਜ਼ਪੁਰ, 7 ਅਕਤੂਬਰ 2020 : ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਫਿਰੋਜ਼ਪੁਰ ਦਾ ਕਿਸਾਨ ਲਖਵਿੰਦਰ ਸਿੰਘ ਅਹਿਮ ਭੂਮਿਕਾ ਨਿਭਾ ਰਿਹਾ ਹੈ ਤੇ ਇਸ ਕਿਸਾਨ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਮਹਿਲ ਸਿੰਘ ਪਿੰਡ ਤੂਰ ਬਲਾਕ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ ਦਾ ਕਿਸਾਨ ਹੈ ਜੋ ਕਿ ਲੱਗਭਗ 25 ਏਕੜ ਜ਼ਮੀਨ ਤੇ ਵਾਹੀ ਕਰਦਾ ਹੈ। ਉਹ ਆਪਣੀ ਜ਼ਮੀਨ ਤੇ ਕਣਕ ਅਤੇ ਝੋਨੇ ਦਾ ਫਸਲੀ ਚੱਕਰ ਅਪਣਾਉਦਾ ਹੈ। ਉਸਨੇ ਪਿਛਲੇ ਲੱਗਭਗ ਦੋ ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਨਾ ਅੱਗ ਲਏ ਅਗਲੀ ਫਸਲ ਦੀ ਬਿਜਾਈ ਕਰਨ ਦਾ ਤਹੱਈਆ ਕੀਤਾ ਹੋਇਆ ਹੈ। ਉਨ੍ਹਾਂ ਨੇ ਹੋਰਨਾ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਰਹਿੰਦ-ਖੂਹਿੰਦ ਨੂੰ ਜ਼ਮੀਨ ਵਿੱਚ ਦਬਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਕਿਸਾਨ ਲਖਵਿੰਦਰ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ, ਨਵੀਆਂ ਤਕਨੀਕਾਂ ਨੂੰ ਆਪਣਾ ਕੇ ਪਰਾਲੀ ਦੀ ਸੰਭਾਲ ਕਰਦਾ ਹੈ ਅਤੇ ਕਣਕ ਦੀ ਬਿਜਾਈ ਕਰਦਾ ਹੈ। ਇਸ ਕਿਸਾਨ ਵਲੋਂ ਪਿਛਲੇ ਸਾਲ ਝੋਨੇ ਦੀ ਵਢਾਈ ਸੁਪਰ ਐਸ.ਐਮ.ਐਸ ਨਾਲ ਕਰਾਈ ਗਈ ਅਤੇ ਇਸ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ ਤੇ ਪ੍ਰਾਪਤ ਹੈਪੀ-ਸੀਡਰ ਮਸ਼ੀਨ ਨਾਲ ਕਣਕ ਦੀ ਬਿਜਾਈ ਕੀਤੀ ਸੀ। ਕਿਸਾਨ ਦੇ ਕਹਿਣ ਅਨੁਸਾਰ ਜਿਥੇ ਪਰਾਲੀ ਵਿੱਚ ਹੀ ਬਿਜਾਈ ਕਰਨ ਨਾਲ ਪਰਾਲੀ ਨੂੰ ਅੱਗ ਲਗਾਉਣ ਤੋਂ ਬਚਾਅ ਹੋਇਆ ਹੈ ਉਥੇ ਹੀ ਮਿੱਟੀ ਦੀ ਗੁਣਵਤਾ ਵਿੱਚ ਵਾਧਾ ਹੋਇਆ ਹੈ। ਪਰਾਲੀ ਨੂੰ ਖੇਤ ਵਿੱਚ ਵਿਛਾਉਣ ਨਾਲ ਨਦੀਨਨਾਸ਼ਕ ਦੀ ਕੋਈ ਵੀ ਸਪਰੇਅ ਦੀ ਲੋੜ ਨਹੀਂ ਪਈ, ਪਰਾਲੀ ਦੇ ਮਲਚਿੰਗ ਪ੍ਰਭਾਵ ਕਰਕੇ ਕਣਕ ਨੂੰ ਪਾਣੀ ਵੀ ਘੱਟ ਲਗਾਉਣ ਦੀ ਲੋੜ ਪਈ ਹੈ।
ਕਿਸਾਨ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਪਰਾਲੀ ਨੂੰ ਅੱਗ ਲਗਾਏ ਬਿਨਾਂ ਫੇਫੜਿਆਂ ਉੱਪਰ ਪੈਣ ਵਾਲੇ ਅਸਰ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਹਮੇਸ਼ਾ ਰਾਬਤਾ ਕਾਇਮ ਰੱਖਦਾ ਹੈ ਅਤੇ ਕੁਝ ਨਾ ਕੁਝ ਜ਼ਰੂਰ ਸਿੱਖਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਲਾਕੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ ਖੇਤ ਵਿੱਚ ਦਬਾ ਕੇ ਕਣਕ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।