ਉੱਘੇ ਡਾਕਟਰ ਅਮਰ ਸਿੰਘ ਆਜ਼ਾਦ ਦਾ ਬੇਵਕਤੀ ਅਕਾਲ ਚਲਾਣਾ
- ਪੰਜਾਬ ਵਿੱਚ ਕੁਦਰਤੀ ਇਲਾਜ਼ ਪ੍ਰਣਾਲੀ ਨੂੰ ਪ੍ਰਫੁੱਲਤ ਕਰਦੇ ਸਨ ਡਾਕਟਰ ਆਜ਼ਾਦ
- ਡਾ. ਆਜ਼ਾਦ ਨੇ ਮੂਲ ਅਨਾਜ਼ ‘ਤੇ ਬਹੁਤ ਕੰਮ ਕੀਤਾ ਅਤੇ ਲੱਖਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਕੇ ਭਿਆਨਕ ਬਿਮਾਰੀਆਂ ਤੋਂ ਬਚਾਇਆ ਅਤੇ ਇਲਾਜ ਕੀਤਾ
- ਦੇਸ਼ ਦੀ ਪੁਰਾਤਨ ਇਲਾਜ਼ ਪੱਧਤੀ, ਯੂਨਾਨੀ, ਆਯੁਰਵੈਦਿਕ ਤੇ ਹੋਮਿਓਪੈਥੀ ਦੇ ਮਾਹਰ ਸਨ ਡਾ. ਆਜ਼ਾਦ
ਦਲਜੀਤ ਕੌਰ
ਪਟਿਆਲਾ/ਚੰਡੀਗੜ੍ਹ, 4 ਜੁਲਾਈ, 2023: ਲੋਕ ਪੱਖੀ-ਜਮਹੂਰੀ ਆਗੂ ਅਤੇ ਪੰਜਾਬ ਵਿੱਚ ਕੁਦਰਤੀ ਇਲਾਜ਼ ਪ੍ਰਣਾਲੀ ਨੂੰ ਪਰਫੁਲਤ ਕਰਨ ਵਾਲੇ ਡਾਕਟਰ ਅਮਰ ਸਿੰਘ ਅਜ਼ਾਦ ਸਾਡੇ ਵਿਚਕਾਰ ਨਹੀ ਰਹੇ ਹਨ। ਐਲੋਪੈਥੀ ਇਲਾਜ ਪ੍ਰਣਾਲੀ ਵਿੱਚ ਐੱਮਬੀਬੀਐੱਸ ਅਤੇ ਦੋ ਐੱਮਡੀਆਂ ਕਰਨ ਉਪਰੰਤ ਉਹ ਕੁਦਰਤੀ ਇਲਾਜ ਪ੍ਰਣਾਲੀ ਨੂੰ ਪ੍ਰਚਾਰਨ, ਉਸ ਬਾਰੇ ਪ੍ਰੈਕਟਿਸ ਕਰਨ ਅਤੇ ਮੋਟੇ ਅਨਾਜਾਂ (ਮਿਲਟ) ਦਾ ਸੇਵਨ ਕਰਨ 'ਤੇ ਜ਼ੋਰ ਦਿੰਦੇ ਆ ਰਹੇ ਸਨ। ਡਾ. ਆਜ਼ਾਦ ਨੇ ਮੂਲ ਅਨਾਜ਼ ‘ਤੇ ਬਹੁਤ ਕੰਮ ਕੀਤਾ ਅਤੇ ਲੱਖਾਂ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਕੇ ਭਿਆਨਕ ਬਿਮਾਰੀਆਂ ਤੋਂ ਬਚਾਇਆ ਅਤੇ ਇਲਾਜ ਕੀਤਾ।
ਅਮਰ ਸਿੰਘ ਆਜ਼ਾਦ ਜੋ ਕਿ ਐੱਮ.ਡੀ. ਪੀਡੀਆਟ੍ਰਿਕਸ ਤੇ ਕਮਿਊਨਿਟੀ ਮੈਡੀਸਨ ਡਿਗਰੀ ਹਾਸਲ ਉੱਘੇ ਸਿਹਤ ਮਾਹਰ ਸਨ। ਉਹ ਦੇਸ਼ ਦੀ ਪੁਰਾਤਨ ਇਲਾਜ਼ ਪੱਧਤੀ, ਯੂਨਾਨੀ, ਆਯੁਰਵੈਦਿਕ ਤੇ ਹੋਮਿਓਪੈਥੀ ਦੇ ਮਾਹਰ ਸਨ। ਡਾਕਟਰ ਅਮਰ ਆਜ਼ਾਦ ਉਹ ਸਨ ਜਿਹਨਾਂ ਨੇ ਕਰੋਨਾ ਕਾਲ 'ਚ ਅੱਗੇ ਹੋ ਕੇ ਡੱਟਵਾਂ ਵਿਰੋਧ ਕੀਤਾ ਤੇ ਡੰਕੇ ਦੀ ਚੋਟ ਤੇ ਕਿਹਾ ਕਿ ਕਰੋਨਾ ਇੱਕ ਨਾਰਮਲ ਫਲੂ ਹੈ ਡਰਨ ਦੀ ਲੋੜ ਨਹੀਂ ਹੈ, ਉਨ੍ਹਾਂ ਨੇ ਕਰੋਨਾ ਵੈਕਸੀਨਾਂ ਦੇ ਟੀਕਿਆਂ ਦਾ ਵੀ ਜ਼ਬਰਦਸਤ ਵਿਰੋਧ ਕੀਤਾ ਸੀ। ਉਹ ਕੁਦਰਤੀ ਖੇਤੀ ਕਰਨਾ ਤੇ ਕਰਨ ਨੂੰ ਪ੍ਰੇਰਿਤ ਕਰਦੇ ਸਨ ਘਰੇਲੂ ਉਪਚਾਰਾ ਨਾਲ ਇਲਾਜ ਕਰਨ ਦੇ ਮਾਹਿਰ ਸਨ।
ਡਾ. ਅਮਰ ਸਿੰਘ ਆਜ਼ਾਦ ਦੇ ਵਿਛੋੜੇ ਨਾਲ ਅਸੀਂ ਇੱਕ ਵਿਲੱਖਣ ਸ਼ਖਸੀਅਤ ਤੋਂ ਵਾਂਝੇ ਹੋ ਗਏ ਹਾਂ। ਉਹਨਾਂ ਦਾ ਬੇਵਕਤ ਚਲਾਣਾ ਸਾਡੇ ਸਮਾਜ ਲਈ ਬਹੁਤ ਵੱਡਾ ਘਾਟਾ ਹੈ। ਅੱਜ ਪਟਿਆਲਾ ਵਿਖੇ ਉਹਨਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਡਾ. ਅਮਰ ਸਿੰਘ ਆਜ਼ਾਦ ਇੱਕ ਆਜ਼ਾਦ ਤਬੀਅਤ ਅਤੇ ਅਗਾਂਹਵਧੂ ਨਰੋਈ ਵਿਚਾਰਧਾਰਾ ਵਾਲੇ ਸ਼ਾਨਦਾਰ ਸਾਥੀ ਸਨ। ਉਹਨਾ ਨੇ ਸਿਹਤ ਵਿਭਾਗ ਵਿੱਚ ਬਤੌਰ ਐਸ.ਐਮ.ਓ. ਕੰਮ ਕਰਦਿਆਂ ਮਿਹਨਤ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਸੀ ਅਤੇ ਸਿਸਟਮ ਦੀ ਲਾਲ ਫੀਤਾਸ਼ਾਹੀ ਨੂੰ ਸਦਾ ਚੈਲੇਂਜ ਕਰਦੇ ਰਹੇ ਸਨ। ਉਹਨਾ ਨੂੰ ਸਲਾਮ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।