ਨਵੀਂ ਦਿੱਲੀ, 9 ਅਗਸਤ 2016 : ਆਪਣੇ ਹੀ ਆਸ਼ਰਮ ਦੀ ਨਾਬਾਲਗ ਕੁੜੀ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ਾਂ 'ਚ ਫਸੇ ਆਸਾਰਾਮ ਨੂੰ ਰਾਜਸਥਾਨ ਹਾਈਕੋਰਟ ਨੇ ਮੰਗਲਵਾਰ ਨੂੰ ਵੱਡਾ ਤਕੜਾ ਝਟਕਾ ਦਿੱਤਾ ਹੈ। ਜਸਟਿਸ ਨਿਰਮਲਜੀਤ ਕੌਰ ਦੀ ਅਦਾਲਤ ਨੇ ਆਸਾਰਾਮ ਦੀ ਤੀਜੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਕੌਰ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਟ੍ਰਾਇਲ ਪੂਰਾ ਹੋ ਚੁਕਾ ਹੈ। ਸਰਕਾਰੀ ਪੱਖ ਦੇ ਸਾਰੇ ਗਵਾਹ ਪੂਰੇ ਹੋ ਗਏ ਹਨ ਅਤੇ ਹੁਣ ਮੁਲਜ਼ਮ ਦੀ ਸਟੇਜ਼ 'ਤੇ ਕੇਸ ਹੈ, ਇਸ ਲਈ ਜ਼ਮਾਨਤ ਅਰਜ਼ੀ ਰੱਦ ਕੀਤੀ ਜਾਂਦੀ ਹੈ। ਜੋਧਪੁਰ ਦੀ ਜੇਲ੍ਹ 'ਚ ਬੰਦ ਆਸਾਰਾਮ ਦੀ ਕਿਸਮਤ ਨੇ ਇਕ ਵਾਰ ਮੁੜ ਧੋਖਾ ਦਿੱਤਾ ਹੈ, ਜਿਸ ਮਗਰੋਂ ਜ਼ਮਾਨਤ ਦੀ ਉਮੀਦ ਲਾਈ ਬੈਠੇ ਆਸਾਰਾਮ ਅਤੇ ਉਨ੍ਹਾਂ ਦੇ ਸਮਰਥਕਾਂ ਦੇ ਚਿਹਰੇ ਮੁਰਝਾ ਗਏ। ਜ਼ਮਾਨਤ ਅਰਜ਼ੀ ਰੱਦ ਹੋਣ ਦਾ ਮਲਾਲ ਉਨ੍ਹਾਂ ਦੇ ਚਿਹਰਿਆਂ 'ਤੇ ਸਾਫ ਦਿਖਾਈ ਦਿੱਤਾ। ਉਨ੍ਹਾਂ ਨੂੰ ਉਮੀਦ ਸੀ ਕਿ ਜਿਸ ਤਰ੍ਹਾਂ ਪੈਰਵੀ ਕੀਤੀ ਗਈ ਹੈ ਉਸ ਨਾਲ ਜ਼ਮਾਨਤ ਮਿਲ ਜਾਵੇਗੀ। ਪਹਿਲਾਂ ਵੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਆਸਾਰਾਮ ਦੀਆਂ 8 ਜ਼ਮਾਨਤ ਪਟੀਸ਼ਨਾਂ ਰੱਦ ਹੋ ਚੁਕੀਆਂ ਹਨ ਅਤੇ ਇਹ 9ਵੀਂ ਜ਼ਮਾਨਤ ਅਰਜ਼ੀ ਸੀ।ਦੱਸਣਯੋਗ ਹੈ ਕਿ ਸੀਨੀਅਰ ਬੁਲਾਰੇ ਰਾਮ ਜੇਠਮਲਾਨੀ, ਮੁਕੁਲ ਰੋਹਤਗੀ, ਸੁਬਰਾਮਣੀਅਮ ਸਵਾਮੀ ਵਰਗੇ ਬੁਲਾਰੇ ਵੀ ਆਸਾਰਾਮ ਨੂੰ ਰਾਹਤ ਨਹੀਂ ਦਿਵਾ ਸਕੇ ਸੀ।