ਮੁੰਬਈ, 31 ਜੁਲਾਈ, 2017 : ਸੰਗੀਤ ਨੂੰ ਪ੍ਰੇਮ ਕਰਨ ਵਾਲਾ ਹਰ ਸ਼ਖਸ ਪਲੇਅਬੈਕ ਸਿੰਗਰ ਮੁਹੰਮਦ ਰਫੀ ਨੂੰ ਕਦੇ ਵੀ ਨਹੀਂ ਭੁਲਾ ਸਕੇਗਾ ਤੇ ਉਨ੍ਹਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਸਾਲ 1973 ਨੂੰ ਪ੍ਰਦਰਸ਼ਿਤ ਫਿਲਮ 'ਏਕ ਨਾਰੀ ਦੋ ਰੂਪ' ਦਾ ਰਫੀ ਵੱਲੋਂ ਗਾਇਆ ਉਹ ਗੀਤ ਅੱਜ ਹਕੀਕਤ ਬਣਿਆ ਵਿਖਾਈ ਦੇ ਰਿਹਾ ਹੈ, ਜਿਸ ਦੇ ਬੋਲ ਸਨ- 'ਦਿਲ ਕਾ ਸੂਨਾ ਸਾਜ਼ ਤਰਾਨਾ ਢੂੰਡੇਗਾ, ਮੁਝ ਕੋ ਮੇਰੇ ਬਾਅਦ ਜ਼ਮਾਨਾ ਢੂੰਡੇਗਾ।'
ਆਵਾਜ਼ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫੀ ਨੂੰ ਪਲੇਅਬੈਕ ਸਿੰਗਰ ਦੀ ਪ੍ਰੇਰਣਾ ਇਕ ਫਕੀਰ ਤੋਂ ਮਿਲੀ ਸੀ। ਪੰਜਾਬ ਦੇ ਕੋਟਲਾ ਸੁਲਤਾਨ ਸਿੰਘ ਪਿੰਡ 'ਚ 24 ਦਸੰਬਰ 1924 ਨੂੰ ਇਕ ਮੱਧ ਵਰਗੀ ਮੁਸਲਿਮ ਪਰਿਵਾਰ 'ਚ ਜਨਮੇ ਰਵੀ ਇਕ ਫਕੀਰ ਦੇ ਗੀਤਾਂ ਨੂੰ ਸੁਣਿਆ ਕਰਦਾ ਸੀ। ਲਾਹੌਰ 'ਚ ਰਫੀ ਸੰਗੀਤ ਦੀ ਸਿੱਖਿਆ ਉਸਤਾਦ ਅਬਦੁੱਲ ਵਾਹਿਦ ਖਾਨ ਤੋਂ ਲੈਣ ਲੱਗੇ ਅਤੇ ਨਾਲ ਹੀ ਗੁਲਾਮ ਅਲੀ ਖਾਨ ਕੋਲੋਂ ਭਾਰਤੀ ਸ਼ਾਸਤਰੀ ਸੰਗੀਤ ਵੀ ਸਿੱਖਣਾ ਸ਼ੁਰੂ ਕਰ ਦਿੱਤਾ। ਇਕ ਵਾਰ ਰਫੀ ਦੇ ਵੱਡੇ ਭਰਾ ਹਮੀਦ ਉਨ੍ਹਾਂ ਨੂੰ ਲੈ ਕੇ ਕੇ. ਐੱਲ. ਸਹਿਗਲ ਸੰਗੀਤ ਦੇ ਪ੍ਰੋਗਰਾਮ 'ਚ ਗਏ ਪਰ ਬਿਜਲੀ ਨਾ ਹੋਣ ਕਾਰਨ ਕੇ. ਐੱਲ. ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ। ਹਮੀਦ ਨੇ ਪ੍ਰੋਗਰਾਮ ਦੇ ਸੰਚਾਲਕ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਉਨ੍ਹਾਂ ਦੇ ਭਰਾ ਰਫੀ ਨੂੰ ਗਾਉਣ ਦਾ ਮੌਕਾ ਦੇਣ। ਸੰਚਾਲਕ ਦੇ ਰਾਜ਼ੀ ਹੋਣ 'ਤੇ ਰਫੀ ਨੇ ਪਹਿਲੀ ਵਾਰ 13 ਸਾਲ ਦੀ ਉਮਰ 'ਚ ਆਪਣਾ ਪਹਿਲਾ ਗੀਤ ਸਟੇਜ ਦਰਸ਼ਕਾਂ ਵਿਚਾਲੇ ਪੇਸ਼ ਕੀਤਾ। ਦਰਸ਼ਕਾਂ ਵਿਚਾਲੇ ਬੈਠੇ ਸੰਗੀਤਕਾਰ ਸ਼ਿਆਮ ਸੁੰਦਰ ਨੂੰ ਉਨ੍ਹਾਂ ਦਾ ਗਾਣਾ ਚੰਗਾ ਲੱਗਾ ਅਤੇ ਉਨ੍ਹਾਂ ਨੇ ਰਫੀ ਨੂੰ ਮੁੰਬਈ ਆਉਣ ਦਾ ਸੱਦਾ ਦਿੱਤਾ।
ਦਿਲੀਪ ਕੁਮਾਰ, ਦੇਵਾਨੰਦ, ਸ਼ੰਮੀ ਕਪੂਰ, ਰਾਜਿੰਦਰ ਕੁਮਾਰ, ਸ਼ਸ਼ੀ ਕਪੂਰ, ਰਾਜਕੁਮਾਰ ਵਰਗੇ ਪ੍ਰਸਿੱਧ ਨਾਇਕਾਂ ਦੀ ਆਵਾਜ਼ ਕਹੇ ਜਾਣ ਵਾਲੇ ਰਫੀ ਨੇ ਲੱਗਭਗ 700 ਫਿਲਮਾਂ ਲਈ 26000 ਤੋਂ ਜ਼ਿਆਦਾ ਗੀਤ ਗਾਏ। ਮੁਹੰਮਦ ਰਫੀ ਫਿਲਮ ਇੰਡਸਟਰੀ 'ਚ ਮਿੱਠੇ ਸੁਭਾਅ ਦੇ ਕਾਰਨ ਜਾਣੇ ਜਾਂਦੇ ਸਨ ਪਰ ਇਕ ਵਾਰ ਉਨ੍ਹਾਂ ਦੀ ਲਤਾ ਮੰਗੇਸ਼ਕਰ ਨਾਲ ਅਣਬਣ ਹੋ ਗਈ। ਮੁਹੰਮਦ ਰਫੀ ਨੇ ਲਤਾ ਮੰਗੇਸ਼ਕਰ ਨਾਲ ਸੈਂਕੜੇ ਗੀਤ ਗਾਏ ਸੀ ਪਰ ਦੋਹਾਂ ਨੇ ਇਕੱਠੇ ਗੀਤ ਗਾਉਣ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਚਾਰ ਸਾਲ ਬਾਅਦ ਅਭਿਨੇਤਰੀ ਨਰਗਿਸ ਦੇ ਯਤਨਾਂ ਨਾਲ ਦੋਵਾਂ ਨੇ ਇਕੱਠੇ ਇਕ ਪ੍ਰੋਗਰਾਮ 'ਚ ਗੀਤ ਗਾਇਆ।
ਮੁਹੰਮਦ ਰਫੀ ਨੇ ਹਿੰਦੀ ਫਿਲਮਾਂ ਦੇ ਇਲਾਵਾ ਮਰਾਠੀ ਅਤੇ ਤੇਲਗੂ ਫਿਲਮਾਂ ਲਈ ਵੀ ਗਾਣੇ ਗਾਏ। ਮੁਹੰਮਦ ਰਫੀ ਆਪਣੇ ਕੈਰੀਅਰ 'ਚ 6 ਵਾਰ ਫਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤੇ ਗਏ। ਸਾਲ 1965 'ਚ ਰਫੀ ਪਦਮਸ਼੍ਰੀ ਐਵਾਰਡ ਨਾਲ ਵੀ ਸਨਮਾਨਿਤ ਕੀਤੇ ਗਏ। 30 ਜੁਲਾਈ 1980 ਨੂੰ 'ਆਸ ਪਾਸ' ਫਿਲਮ ਦੇ ਗਾਣੇ 'ਸ਼ਾਮ ਕਯੂ ਉਦਾਸ ਹੈ' ਗਾਣੇ ਨੂੰ ਪੂਰਾ ਕਰਨ ਦੇ ਬਾਅਦ ਜਦ ਰਫੀ ਨੇ ਲਕਸ਼ਮੀਕਾਂਤ ਪਿਆਰੇਲਾਲ ਨੂੰ ਕਿਹਾ 'ਸ਼ੁਡ ਆਈ ਲੀਵ', ਜਿਸ ਨੂੰ ਸੁਣ ਕੇ ਲਕਸ਼ਮੀਕਾਂਤ ਪਿਆਰੇ ਲਾਲ ਹੈਰਾਨ ਹੋ ਗਏ। ਅਗਲੇ ਦਿਨ 31 ਜੁਲਾਈ 1980 ਨੂੰ ਰਫੀ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹ ਇਸ ਦੁਨੀਆ ਨੂੰ ਹੀ ਛੱਡ ਕੇ ਚਲੇ ਗਏ।