'ਤੇਰੇ ਸਨਮੁਖ' ਤਹਿਤ ਸ਼ਾਇਰ ਰੋਡੇ ਤੇ ਕਲਸੀ ਹੋਏ ਰੂਬਰੂ
ਨਿੰਦਰ ਘੁਗਿਆਣਵੀ
ਚੰਡੀਗੜ੍ਹ: 11 ਅਪ੍ਰੈਲ 2023 - ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ 'ਤੇਰੇ ਸਨਮੁਖ' ਪ੍ਰੋਗਰਾਮ ਤਹਿਤ ਕੈਨੇਡਾ ਵਸਦੇ ਕਵੀ ਅਜਮੇਰ ਰੋਡੇ ਨਾਲ ਉਨਾਂ ਦੀ ਜੀਵਨ ਸਾਥਣ ਸ਼ਾਇਰਾ ਸੁਰਜੀਤ ਕਲਸੀ ਨਾਲ ਵਿਸ਼ੇਸ਼ ਮਿਲਣੀ ਕਰਵਾਈ ਗਈ। ਪਰਿਸ਼ਦ ਦੇ ਉਪ ਚੇਅਰਮੈਨ ਡਾ.ਯੋਗਰਾਜ ਨੇ ਅਜਮੇਰ ਰੋਡੇ ਤੇ ਸੁਰਜੀਤ ਕਲਸੀ ਦੀ ਸਾਹਿਤਕ ਜਾਣ-ਪਛਾਣ ਕਰਵਾਈ। ਉਹਨਾਂ ਕਿਹਾ ਕਿ ਰੋਡੇ ਦੀ ਕਵਿਤਾ ਨਵੇਂ ਨਵੇਂ ਭਾਵ ਸਿਰਜਦੀ ਹੈ।ਇਸ ਤੋਂ ਬਾਅਦ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ "ਰੋਡੇ ਦਾ ਆਉਣਾ ਪਰਿਸ਼ਦ ਲਈ ਮਾਣ ਵਾਲੀ ਗੱਲ ਹੈ।ਇਹ ਵਿਦੇਸ਼ ਵਿਚ ਪੰਜਾਬੀ ਰਹਿਤਲ ਨੂੰ ਨਵਾਂ ਦ੍ਰਿਸ਼ਟੀਕੋਣ ਦੇ ਰਹੇ ਹਨ।
ਇਸ ਤੋਂ ਬਾਅਦ ਉੱਘੇ ਆਲੋਚਕ ਚਿੰਤਕ ਡਾ. ਅਮਰਜੀਤ ਗਰੇਵਾਲ ਨੇ ਅਜਮੇਰ ਰੋਡੇ ਦੀ ਕਿਤਾਬ 'ਸ਼ੁਭਚਿੰਤਨ' ਬਾਰੇ ਬੋਲਦਿਆਂ ਕਿਹਾ ਕਿ "ਜੇ ਪੰਜਾਬ ਦੀ ਸਥਿਤੀ ਨੂੰ ਅਸੀਂ ਸਮਝਣਾ ਹੈ ਤਾਂ ਇਹ ਕਿਤਾਬ ਬਹੁਤ ਜ਼ਰੂਰੀ ਹੈ।" ਸ਼ਾਇਰ ਅਜਮੇਰ ਰੋਡੇ ਕਿਹਾ ਕਿ "ਭਾਵੇਂ ਅਸੀਂ ਕੈਨੇਡਾ ਰਹਿੰਨੇ ਹਾਂ ਪਰ ਲੇਖਕ, ਆਰਟਿਸਟ ਵਾਸਤੇ ਸਾਰੀ ਦੁਨੀਆ ਇਕ ਹੈ।ਇਕ ਥਾਂ ਦਾ ਦਰਦ ਸਾਰੀ ਦੁਨੀਆ ਦਾ ਦਰਦ ਹੈ।" ਇਸ ਤੋਂ ਸਰੋਤਿਆਂ ਵੱਲੋਂ ਸ਼ਾਇਰ ਨਾਲ ਸੁਆਲ ਜੁਆਬ ਹੋਏ। ਸਮਾਗਮ ਦੇ ਅਗਲੇ ਦੌਰ ਵਿਚ ਅਜਮੇਰ ਰੋਡੇ ਤੇ ਨਵਤੇਜ ਭਾਰਤੀ ਦੀ ਵੱਡ ਅਕਾਰੀ ਕਿਤਾਬ ਦਾ 'ਲੀਲਾ' ਦਾ ਦਵਿੰਦਰ ਪਾਲ ਵੱਲੋਂ ਕੀਤਾ ਗਿਆ ਹਿੰਦੀ ਅਨੁਵਾਦ ਰੀਲਿਜ਼ ਕੀਤਾ ਗਿਆ।
ਸਮਾਗਮ ਦੇ ਦੂਸਰੇ ਦੌਰ ਵਿਚ ਸ਼ਾਇਰਾ, ਅਨੁਵਾਦਕ, ਸੰਪਾਦਕ ਸੁਰਜੀਤ ਕਲਸੀ ਨਾਲ ਵਿਸ਼ੇਸ਼ ਮਿਲਣੀ ਕਰਵਾਈ ਗਈ।ਡਾ. ਯੋਗ ਰਾਜ ਹੁਰਾਂ ਨੇ ਉਹਨਾਂ ਦੀ ਜਾਣ-ਪਛਾਣ ਕਰਵਾਉਂਦੇ ਉਹਨਾਂ ਦੀਆਂ ਲਿਖਤਾਂ ਨਾਲ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਸੁਰਜੀਤ ਕਲਸੀ ਨੇ ਸਭ ਤੋਂ ਪਹਿਲਾਂ ਆਪਣੀਆਂ ਕਵਿਤਾਵਾਂ ਸੁਣਾਈਆਂ,ਉਹਨਾਂ ਆਪਣੀ ਰਚਨਾ ਪ੍ਰਕਿਰਿਆ ਬਾਰੇ ਸਰੋਤਿਆਂ ਨਾਲ਼ ਸਾਂਝ ਪਾਈ। ਉਹਨਾਂ ਨੇ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਸਾਰੇ ਸਮਾਗਮ ਦੀ ਪ੍ਰਧਾਨਗੀ ਕਲਾ ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਹੋਰਾਂ ਨੇ ਕੀਤੀ। ਇਸ ਦੌਰਾਨ ਡਾ. ਹਰਮੇਲ, ਸ਼ਾਇਰ ਜਗਦੀਪ ਸਿੱਧੂ, ਸੁਰਜੀਤ ਸੁਮਨ, ਜਸਪਾਲ ਫਿਰਦੌਸੀ, ਸ੍ਰੀ ਗੁਰਚਰਨ, ਸ੍ਰੀ ਰਾਮ ਅਰਸ਼, ਸ਼ਾਇਰਾ ਸੁਖਵਿੰਦਰ ਅੰਮ੍ਰਿਤ ਆਦਿ ਹਾਜ਼ਰ ਸਨ। ਮੰਚ ਸੰਚਾਲਨ ਕਲਾ ਪਰਿਸ਼ਦ ਦੇ ਉੱਪ ਚੇਅਰਮੈਨ ਡਾ. ਯੋਗਰਾਜ ਅੰਗਰੀਸ਼ ਨੇ ਬਾਖੂਬੀ ਨਿਭਾਇਆ। ਡਾ ਪਾਤਰ ਨੇ ਆਏ ਸਭਨਾਂ ਦਾ ਧੰਨਵਾਦ ਵੀ ਕੀਤਾ।