ਲੁਧਿਆਣਾ: 2 ਦਸੰਬਰ 2020 - ਪੰਜਾਬ ਖੇਤੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਵਿਭਾਗ ਚ ਲੰਮਾ ਸਮਾਂ ਸੇਵਾ ਨਿਭਾ ਕੇ ਛੇ ਕੁ ਸਾਲ ਪਹਿਲਾਂ ਸੇਵਾ ਮੁਕਤ ਹੋਏ ਅੰਮ੍ਰਿਤਪਾਲ ਅੱਜ ਸਵੇਰੇ 8.30 ਵਜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸਵੇਰੇ 7 ਵਜੇ ਜਾਗਣ ਉਪਰੰਤ ਚਾਹ ਦਾ ਪਿਆਲਾ ਪੀ ਕੇ ਫਿਰ ਸੌਂ ਗਏ। ਲਗਪਗ 8.30 ਵਜੇ ਇੱਕ ਦੋਸਤ ਮਿਲਣ ਆਏ ਤਾਂ ਜਗਾਉਣ ਤੇ ਉਹ ਮ੍ਰਿਤਕ ਪਾਏ ਗਏ।
ਸ਼ਾਂਤ ਸਮੁੰਦਰ ਕਾਵਿ ਸੰਗ੍ਰਹਿ ਦੇ ਸਿਰਜਕ ਅੰਮ੍ਰਿਤਪਾਲ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਦੇ ਜੰਮਪਲ ਸਨ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀਨਾਨ ਟੀਚਿੰਗ ਕਰਮਚਾਰੀ ਯੂਨੀਅਨ ਦੇ ਉਹ ਲੰਮਾ ਸਮਾਂ ਮੂਹਰਲੀ ਕਤਾਰ ਦੇ ਆਗੂ ਰਹੇ। ਲੰਮਾ ਸਮਾਂ ਉਹ ਜਥੇਬੰਦੀ ਦੇ ਜਨਰਲ ਸਕੱਤਰ ਵੀ ਰਹੇ। ਉਹ ਪੀਏਯੂ ਸਾਹਿਤ ਸਭਾ ਦੇ ਵੀ ਸਰਗਰਮ ਮੈਂਬਰ ਸਨ। ਅੰਕੜਾ ਵਿਸ਼ਲੇਸ਼ਕ ਵਜੋਂ ਉਨ੍ਹਾਂ ਦੀ ਮੁਹਾਰਤ ਅਧਿਆਪਕਾਂ ਤੋਂ ਵੀ ਕਿਤੇ ਉਚੇਰੀ ਸੀ।
ਅੰਮ੍ਰਿਤਪਾਲ ਦੇ ਦੇਹਾਂਤ 'ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਉਨ੍ਹਾਂ ਦੇ ਸਹਿਕਰਮੀ ਰਹੇ ਪ੍ਰੋ: ਗੁਰਭਜਨ ਸਿੰਘ ਗਿੱਲ,ਅਰਥ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਡਾ: ਸੁਖਪਾਲ ਸਿੰਘ, ਪੰਜਾਬੀ ਸਾਹਿੱਤ ਅਕਾਡਮੀ ਦੇ ਸਕੱਤਰ ਡਾ ਗੁਲਜ਼ਾਰ ਪੰਧੇਰ ਨੇ ਵੀ ਅੰਮ੍ਰਿਤਪਾਲ ਦੇ ਸੁਰਗਵਾਸ ਹੋਣ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।
ਉਨ੍ਹਾਂ ਦੇ ਸਹਿਯੋਗੀ ਸਾਥੀ ਜਸਵੰਤ ਜ਼ੀਰਖ਼,ਕਾਮਰੇਡ ਸੁਰਿੰਦਰ, ਸਤੀਸ਼ ਸਚਦੇਵਾ, ਕਸਤੂਰੀ ਲਾਲ, ਡਾ: ਮੋਹਨ ਸਿੰਘ, ਬਲਵਿੰਦਰ ਸਿੰਘ ਲਾਲ ਬਾਗ, ਮਾ: ਜਰਨੈਲ ਸਿੰਘ, ਰਾਜਿੰਦਰ ਸਿੰਘ, ਹਰਸਾ ਸਿੰਘ, ਵਿਨੋਦ ਕੁਮਾਰ, ਸਤਿਨਾਮ ਸਿੰਘ ਨੇ ਵੀ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕੱਲ੍ਹ 3 ਦਸੰਬਰ ਸਵੇਰੇ 10 ਵਜੇ ਸੁਨੇਤ (ਭਾਈ ਰਣਧੀਰ ਸਿੰਘ ਨਗਰ ਲੁਧਿਆਣਾ) ਵਿਖੇ ਹੋਵੇਗਾ।