ਇਕਬਾਲ ਰਾਮੂਵਾਲੀਆ ਸਿਮਰਤੀ ਪੁਰਸਕਾਰ ਕੰਮੇਆਣਾ ਨੂੰ ਕੀਤਾ ਭੇਟ
ਪਟਿਆਲਾ, 7 ਫਰਵਰੀ 2023 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਥਾਪਿਤ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਸਵਰਗੀ ਲੇਖਕ ਇਕਬਾਲ ਰਾਮੂਵਾਲੀਆ ਦੇ ਪਰਿਵਾਰ ਵਲੋਂ ਪੰਜਾਬੀ ਦੇ ਬਹੁਪੱਖੀ ਲੇਖਕ ਧਰਮ ਕੰਮੇਆਣਾ ਨੂੰ ਇਕਬਾਲ ਰਾਮੂਵਾਲੀਆ ਦੀ ਯਾਦ ਵਿਚ ਪਹਿਲਾ ਪੁਰਸਕਾਰ ਲੇਖਕਾਂ ਦੇ ਵਿਦਵਾਨਾਂ ਦੇ ਭਰੇ ਇਕੱਠ ਵਿਚ ਭੇਟ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਸੈਂਟਰ ਦੇ ਡਾਇਰੈਕਟਰ ਡਾ ਬਲਕਾਰ ਸਿੰਘ ਨੇ ਲੇਖਕ ਇਕਬਾਲ ਦੀ ਰਚਨਾ ਪ੍ਰਕਿਰਿਆ ਬਾਬਤ ਚਾਨਣਾ ਪਾਇਆ। ਪੁਰਸਕਾਰ ਕਮੇਟੀ ਦੇ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਸਵ: ਇਕਬਾਲ ਰਾਮੂਵਾਲੀਆ ਦੇ ਜੀਵਨ, ਲੇਖਣੀ ਤੇ ਵਿਅਕਤੀਤਵ ਨਾਲ ਜੁੜੀਆਂ ਯਾਦਾਂ ਸੁਣਾ ਕੇ ਲੇਖਕਾਂ ਤੇ ਪਾਠਕਾਂ ਨੂੰ ਪ੍ਰਭਾਵਿਤ ਕੀਤਾ।
ਵਿਸ਼ੇਸ਼ ਮਹਿਮਾਨ ਦੇ ਤੌਰ ਉਤੇ ਆਏ ਸਾਬਕਾ ਡੀ ਆਈ ਜੀ ਹਰਿੰਦਰ ਸਿੰਘ ਚਾਹਲ ਤੇ ਸਾਬਕਾ ਆਈ ਏ ਐਸ ਹਰਕੇਸ਼ ਸਿੰਘ ਸਿੱਧੂ ਨੇ ਇਕਬਾਲ ਰਾਮੂਵਾਲੀਆ ਬਾਰੇ ਬੋਲਦਿਆਂ ਉਨਾਂ ਨੂੰ ਮੁਹੱਬਤੀ ਇਨਸਾਨ, ਦਿਲਚਸਪ ਲੇਖਕ ਤੇ ਪਿਆਰੀ ਸ਼ਖਸੀਅਤ ਕਰਾਰ ਦਿੱਤਾ। ਯੂਨੀਵਰਸਿਟੀ ਦੇ ਸਾਹਿਤ ਅਧਿਐਨ ਵਿਭਾਗ ਦੇ ਮੁਖੀ ਡਾ ਭੀਮਇੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਇਕਬਾਲ ਰਾਮੂਵਾਲੀਆ ਨਾਲ ਬਿਤਾਏ ਪਲਾਂ ਨੂੰ ਚੇਤੇ ਕਰਦਿਆਂ ਉਨਾਂ ਦੀ ਘਾਟ ਨੂੰ ਮਹਿਸੂਸ ਕੀਤਾ। ਪੁਰਸਕਾਰ ਨਾਲ ਸਨਮਾਨਿਤ ਲੇਖਕ ਧਰਮ ਕੰਮੇਆਣਾ ਦੀ ਸਾਹਿਤਕ ਤੇ ਸਭਿਆਚਾਰਕ ਘਾਲਣਾ ਬਾਰੇ ਡਾ ਸੁਰਜੀਤ ਸਿੰਘ ਖੁਰਮਾ ਤੇ ਡਾ ਹਰਨੇਕ ਢੋਟ ਨੇ ਵਿਚਾਰ ਰੱਖੇ।
ਪੁਰਸਕਾਰ ਵਿਚ ਸਨਮਾਨ ਪੱਤਰ, ਫੁਲਕਾਰੀ, ਇਕਵੰਜਾ ਹਜਾਰ ਰੁਪਏ ਦੀ ਰਾਸ਼ੀ ਤੇ ਸਿਮਰਤੀ ਗ੍ਰੰਥ ਭੇਟ ਕੀਤੇ ਗਏ। ਕੰਮੇਆਣਾ ਨੇ ਆਪਣੀ ਕਾਵਿ ਕਲਾ ਦੇ ਵੱਖ ਵੱਖ ਪੱਖਾਂ ਨੂੰ ਛੋਹਿਆ ਤੇ ਗੀਤ ਵੀ ਗਾ ਕੇ ਸੁਣਾਇਆ।
ਇਸ ਮੌਕੇ ਦੋਵਾਂ ਲੇਖਕਾਂ ਦੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵੀ ਸ਼ਾਮਲ ਰਹੇ। ਇਕਬਾਲ ਰਾਮੂਵਾਲੀਆ ਦੀ ਪਤਨੀ ਸੁਖਸਾਗਰ ਕੌਰ ਗਿੱਲ ਦਾ ਧੰਨਵਾਦੀ ਸੁਨੇਹਾ ਵੀ ਪੜਿਆ ਗਿਆ। ਮੰਚ ਸੰਚਾਲਨ ਡਾ ਕੁਲਦੀਪ ਸਿੰਘ ਦੀਪ ਨੇ ਕੀਤਾ। ਉਘੇ ਲੇਖਕ ਦਰਸ਼ਨ ਆਸ਼ਟ, ਡਾ ਨਿਵੇਦਿਤਾ ਸਿੰਘ, ਡਾ ਗੁਰਜੰਟ ਸਿੰਘ , ਗੁਰਸੇਵਕ ਲੰਬੀ, ਪ੍ਰੋ ਰਜਿੰਦਰਪਾਲ ਬਰਾੜ, ਉਜਾਗਰ ਸਿੰਘ, ਬਲਵਿੰਦਰ ਸੰਧੂ, ਪ੍ਰੋ ਹਰਬੰਸ ਧੀਮਾਨ, ਨਾਟਕਕਾਰ ਸਤਿੰਦਰ ਨੰਦਾ, ਚਰਨ ਬੰਬੀਹਾ, ਅਮਰਜੀਤ ਵੜੈਚ ਸਮੇਤ, ਖੋਜ ਵਿਦਿਆਰਥੀ ਤੇ ਕਈ ਹਸਤੀਆਂ ਪੁੱਜੀਆਂ।