ਪੰਜਾਬੀ ਕਵੀ ਕੁਲਦੀਪ ਸਿੰਘ ਕਰੀਰ ਨੂੰ ਹਰੀਸ਼ ਰਾਏ ਢਾਂਡਾ, ਗੁਰਪਰਗਟ ਸਿੰਘ ਕਾਹਲੋਂ ਤੇ ਚਰਨਜੀਤ ਸਿੰਘ ਯੂ ਐੱਸ ਏ ਵੱਲੋਂ ਸ਼ਰਧਾਂਜਲੀਆਂ
ਲੁਧਿਆਣਾ, 21 ਦਸੰਬਰ 2021 - ਜੀ ਜੀ ਐੱਨ ਖ਼ਾਲਸਾ ਕਾਲਜ ਲੁਧਿਆਣਾ ਦੇ ਪੁਰਾਣੇ ਵਿਦਿਆਰਥੀ ਤੇ ਪੰਜਾਬੀ ਕਵੀ ਸ: ਕੁਲਦੀਪ ਸਿੰਘ ਕਰੀਰ ਦਾ ਦੇਹਾਂਤ ਜਿੱਥੇ ਪਰਿਵਾਰ ਲਈ ਦੁਖਦਾਈ ਹੈ ਉਥੇ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਲਈ ਵੀ ਅਸਹਿ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਸਃ ਕੁਲਦੀਪ ਸਿੰਘ ਕਰੀਰ ਬਹੁਤ ਜ਼ਹੀਨ, ਮਿਹਨਤੀ ਤੇ ਕਿਰਿਆਸ਼ੀਲ ਸੱਜਣ ਸਨ ਜਿੰਨ੍ਹਾਂ ਦੀ ਸਿਰਫ਼ ਪੰਜ ਮਹੀਨੇ ਪਹਿਲਾਂ ਹੀ ਗੁਜਰਾਂਵਾਲਾ ਗੁਰੂ ਨਾਨਕ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ ਡਾ. ਸ ਪ ਸਿੰਘ,ਅਮਰੀਕਾ ਤੋਂ ਆਏ ਪੰਜਾਬੀ ਲੇਖਕ ਨਕਸ਼ਦੀਪ ਪੰਜਕੋਹਾ ਨਾਲ ਇਕੱਠਿਆਂ ਕਾਵਿ ਪੁਸਤਕ ਘਰਾਂ ਨੂੰ ਪਰਤਦੇ ਲੋਕ ਰਿਲੀਜ਼ ਕੀਤੀ ਸੀ। ਉਨ੍ਹਾਂ ਦੀ ਇੱਕ ਹੋਰ ਕਾਵਿ ਪੁਸਤਕ ਤੇ ਉਹ ਜ਼ੁਲਮ ਕਰਦਾ ਰਿਹਾ ਵੀ ਕੁਝ ਸਮਾਂ ਪਹਿਲਾਂ ਹੀ ਛਪ ਕੇ ਆਈ ਹੈ।
ਆਪਣੀ ਸਾਹਿੱਤ ਸਿਰਜਣਾ ਬਾਰੇ ਕਰੀਰ ਜੀ ਨੇ ਉਸ ਦਿਨ ਦੱਸਿਆ ਸੀ ਕਿ ਜੀ ਜੀ ਐੱਨ ਖਾਲਸਾ ਕਾਲਜ ‘ਚ 1965 ਤੋਂ 1968 ਤੀਕ ਪੜ੍ਹਦਿਆਂ ਪ੍ਰੋ: ਅਵਤਾਰ ਸਿੰਘ ਢੋਡੀ ਤੇ ਪ੍ਰੋ. ਜੋਗਿੰਦਰ ਸਿੰਘ ਛਾਬੜਾ ਜੀ ਦੀ ਪ੍ਰੇਰਨਾ ਸਦਕਾ ਸਾਹਿੱਤ ਦਾ ਵਿਦਿਆਰਥੀ ਬਣਿਆ। ਕਾਲਜ ਦੀ ਸਾਹਿੱਤ ਸਭਾ ਦਾ ਸਕੱਤਰ ਬਣ ਕੇ ਸਰਗਰਮ ਹੋਇਆ। ਕਾਲਿਜ ਮੈਗਜ਼ੀਨ ਨਵ ਰਣਜੀਤ ਵਿੱਚ ਪਹਿਲੀ ਲੰਮੇਰੀ ਰਚਨਾ ਸਕਰੀਨ ਤੇ ਤਸਵੀਰਾਂ ਪ੍ਰਕਾਸ਼ਤ ਹੋਣ ਨਾਲ ਹੁਲਾਰਾ ਮਿਲਿਆ। ਜੀਵਨ ਸੰਘਰਸ਼ ਚ ਘੁਲਦਿਆਂ ਕਵਿਤਾ ਪਿੱਛੇ ਰਹਿ ਗਈ ਪਰ ਪੜ੍ਹਨ ਦਾ ਕਰਮ ਜਾਰੀ ਰਿਹਾ। ਕਰੋਨਾ ਕਾਲ ਦੇ ਦਰਦ ਨੇ ਮੁੜ ਕਲਮ ਚੁਕਾਈ ਤੇ ਘਰਾਂ ਨੂੰ ਪਰਤਦੇ ਲੋਕ ਕਾਵਿ ਸੰਗ੍ਰਹਿ ਦੀ ਸਿਰਜਣਾ ਹੋ ਗਈ। ਮੇਰਾ ਸੁਪਨਾ ਸੀ ਕਿ ਇਹ ਸੰਗ੍ਰਹਿ ਕਾਲਜ ਨੂੰ ਭੇਂਟ ਕਰਾਂ।
ਸਃ ਕੁਲਦੀਪ ਸਿੰਘ ਕਰੀਰ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸੁਖਮਨੀ ਸਾਹਿਬ ਅਰਬਨ ਐਸਟੇਟ ਦੁੱਗਰੀ ਲੁਧਿਆਣਾ ਵਿਖੇ ਡਾਃ ਗੁਰਮੋਹਨ ਸਿੰਘ ਆਹਲੂਵਾਲੀਆ,ਪੰਜਾਬ ਦੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਹਰੀਸ਼ ਰਾਏ ਢਾਂਡਾ ਐਡਵੋਕੇਟ, ਸਃ ਗੁਰਪਰਗਟ ਸਿੰਘ ਕਾਹਲੋਂ, ਸਃ ਚਰਨਜੀਤ ਸਿੰਘ ਯੂ ਐੱਸ ਏ,ਪ੍ਰਿੰਸੀਪਲ ਮਨਜਿੰਦਰ ਕੌਰ ਤੇ ਗਿਆਨੀ ਬਚਿੱਤਰ ਸਿੰਘ ਜੀ ਨੇ ਵੀ ਸੰਗਤਾਂ ਸੰਗ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਃ ਕੁਲਦੀਪ ਸਿੰਘ ਕਰੀਰ ਦੇ ਵਿਛੋੜੇ ਤੇ ਡਾਃ ਸ ਪ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ,ਪ੍ਰਿੰਸੀਪਲ ਅਰਵਿੰਦਰ ਸਿੰਘ ਭੱਲਾ, ਪ੍ਰੋਃ ਮਨਜੀਤ ਸਿੰਘ ਛਾਬੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ, ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਡਾਃ ਗੁਰਇਕਬਾਲ ਸਿੰਘ ਤੇ ਕਰਮਜੀਤ ਗਰੇਵਾਲ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।