ਪ੍ਰਵਾਸੀ ਲੇਖਿਕਾ ਮਨਜੀਤ ਕੌਰ ਪੱਡਾ ਨਾਲ ਰੂਬਰੂ, ਨਵਜੋਤ ਸਾਹਿਤ ਸੰਸਥਾ ਔੜ ਵਲੋਂ ਸਨਮਾਨ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 22 ਅਪ੍ਰੈਲ 2023 - ਨਵਜੋਤ ਸਾਹਿਤ ਸੰਸਥਾ ਔੜ ਵਲੋਂ ਪ੍ਰਵਾਸੀ ਲੇਖਿਕਾ ਮਨਜੀਤ ਕੌਰ ਪੱਡਾ ਕੈਨੇਡਾ ਨਾਲ ਰੂਬਰੂ ਕਰਵਾਇਆ ਗਿਆ। ਇਸ ਸਬੰਧੀ ਪਿੰਡ ਮਹਿਮੂਦਪੁਰ ਵਿਖੇ ਕਰਵਾਏ ਸਮਾਗਮ ਦਾ ਉਦਘਾਟਨ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਸੰਸਥਾ ਦੇ ਸਕੱਤਰ ਮੈਡਮ ਅਮਰ ਜਿੰਦ ਅਤੇ ਸੇਵਾ ਮੁਕਤ ਮੁੱਖ ਅਧਿਆਪਕਾ ਮੈਡਮ ਕੁਲਵੰਤ ਕੌਰ ਨੇ ਮਨਜੀਤ ਕੌਰ ਪੱਡਾ ਨੂੰ ਜੀ ਆਇਆ ਆਖਿਆ ਅਤੇ ਉਹਨਾਂ ਦੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ।
ਸਮਾਗਮ ਦੌਰਾਨ ਰੂਬਰੂ ਹੁੰਦਿਆਂ ਮਨਜੀਤ ਕੌਰ ਪੱਡਾ ਨੇ ਆਪਣੇ ਜੀਵਨ ਸਫ਼ਰ ਨੂੰ ਦਰਪੇਸ਼ ਆਈਆਂ ਚੁਣੌਤੀਆਂ ਬਾਰੇ ਦੱਸਿਆ ਅਤੇੇ ਉਹਨਾਂ ਦਾ ਸਾਹਮਣਾ ਕਰਦਿਆਂ ਮਿਲੀ ਸਫ਼ਲਤਾ ਦੀ ਖੁਸ਼ੀ ਵੀ ਸਾਂਝੀ ਕੀਤੀ। ਉਹਨਾਂ ਆਪਣੇ ਵਿਚਾਰਾਂ ’ਚ ਪੰਜਾਬੀ ਲਿਖਣ ਬੋਲਣ ਦੇ ਨਾਲ ਪੰਜਾਬੀ ਜਿਉਣ ਦਾ ਹੋਕਾ ਦਿੱਤਾ। ਇਸ ਦੌਰਾਨ ਉਹਨਾਂ ਆਪਣੀ ਪੁਸਤਕ ‘ਸੰਦਲੀ ਮਹਿਕ’ ’ਚੋਂ ਧੀਆਂ ਦੀ ਹੋਂਦ ਅਤੇ ਉੱਦਮਾਂ ਦੀ ਸ਼ਲਾਘਾ ਕਰਦੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਸੰਸਥਾ ਵਲੋਂ ਉਹਨਾਂ ਦਾ ਯਾਦਗਾਰੀ ਚਿੰਨ੍ਹ, ਪ੍ਰਮਾਣ ਪੱਤਰ ਅਤੇ ਫੁੱਲ ਮਲਾਵਾਂ ਨਾਲ ਸਨਮਾਨ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਮੈਡਮ ਰਜਨੀ ਸ਼ਰਮਾ ਨੇ ਸਨਮਾਨ ਰਸਮਾਂ ਨਿਭਾਉਂਦਿਆਂ ਸੰਸਥਾਂ ਦੀਆਂ ਸਰਗਰਮੀਆਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਬੀਬੀ ਚਰਨ ਕੌਰ ਲਾਖਾ ਲਈ ਵੀ ਸੰਸਥਾ ਵਲੋਂ ਵਿਸ਼ੇਸ਼ ਸਨਮਾਨ ਦੀ ਰਸਮ ਨਿਭਾਈ ਗਈ। ਇਸ ਮੌਕੇ ਪਰਮਜੀਤ ਲਾਖਾ ਕੈਨੇਡਾ, ਸਤਪਾਲ ਸਾਹਲੋਂ, ਸੁਰਜੀਤ ਮਜਾਰੀ, ਗੁਰਨੇਕ ਸ਼ੇਰ, ਬੂਟਾ ਸਿੰਘ ਮਹਿਮੂਦਪੁਰ, ਇੰਜ. ਮਹਿੰਦਰ ਸਿੰਘ, ਹਰੀ ਕ੍ਰਿਸ਼ਨ ਪਟਵਾਰੀ, ਦਵਿੰਦਰ ਸਕੋਹਪੁਰੀ ਨੇ ਰਚਨਾਵਾਂ ਤੇ ਵਿਚਾਰਾਂ ਦੀ ਸਾਂਝ ਪਾਈ। ਇਸ ਮੌਕੇ ਰਣਜੀਤ ਕੌਰ ਮਹਿਮੂਦਪੁਰ, ਬਿੰਦਰ ਮੱਲ੍ਹਾ ਬੇਦੀਆਂ, ਵਿਨੇ ਸ਼ਰਮਾ, ਵਿਜੈ ਗੁਣਾਚੌਰੀ, ਜਗਤਾਰ ਬੀਕਾ, ਕੁਲਦੀਪ ਸਿੰਘ, ਕਸ਼ਮੀਰ ਸਿੰਘ ਉੱਪਲ, ਸਰਬਜੀਤ ਸਿੰਘ, ਪਰਮਜੀਤ ਕੌਰ, ਆਂਗਣਵਾਡ਼ੀ ਵਰਕਰ, ਚਰਨਜੀਤ ਕੌਰ, ਬਲਵੀਰ ਕੌਰ, ਕਸ਼ਮੀਰ ਕੌਰ ਆਦਿ ਵੀ ਸ਼ਾਮਲ ਸਨ।