ਗੁਰਭਜਨ ਗਿੱਲ ਨੂੰ ਸਿੱਖ ਐਜੂਕੇਸ਼ਨਲ ਸੋਸਾਇਟੀ ਵੱਲੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪੁਰਸਕਾਰ ਦੇਣ ਦਾ ਐਲਾਨ
ਲੁਧਿਆਣਾਃ 13 ਨਵੰਬਰ, 2021:
ਚੰਡੀਗੜ੍ਹ, ਬੰਗਾ ਤੇ ਕਾਦੀਆਂ ਵਿੱਚ ਕਾਲਿਜ ਤੇ ਸਕੂਲ ਸਿੱਖਿਆ ਅਦਾਰੇ ਚਲਾ ਰਹੀ ਸਿੱਖ ਐਜੂਕੇਸ਼ਨਲ ਸੋਸਾਇਟੀ (ਰਜਿਃ) ਚੰਡੀਗੜ੍ਹ ਵੱਲੋਂ ਪੰਜਾਬੀ ਲੇਖਕ ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਸਾਲ 2021 ਦਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
ਇਹ ਜਾਣਕਾਰੀ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਸਕੱਤਰ ਕਰਨਲ (ਰਿਟਾਃ) ਜਸਮੇਰ ਸਿੰਘ ਬਾਲਾ ਨੇ ਲਿਖਤੀ ਪੱਤਰ ਵਿੱਚ ਦੇਂਦਿਆਂ ਦੱਸਿਆ ਹੈ ਕਿ ਇਹ ਪੁਰਸਕਾਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਬਕਾ ਪ੍ਰਧਾਨ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਹਰ ਸਾਲ ਦੋ ਅਜਿਹੀਆਂ ਸ਼ਖਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿੰਨ੍ਹਾਂ ਨੇ ਸਿੱਖ ਧਰਮ, ਸਮਾਜ, ਪੰਜਾਬੀਅਤ ਜਾਂ ਕਿਸੇ ਹੋਰ ਖੇਤਰ ਵਿੱਚ ਉੱਘਾ ਯੋਗਦਾਨ ਪਾਇਆ ਹੋਵੇ।
ਕਰਨਲ ਬਾਲਾ ਨੇ ਦੱਸਿਆ ਕਿ ਇਸ ਪੁਰਸਕਾਰ ਵਿੱਚ ਪ੍ਰਮਾਣ ਪੱਤਰ, ਦੋਸ਼ਾਲਾ ਅਤੇ ਇੱਕ ਲੱਖ ਰੁਪਏ ਦੀ ਧਨ ਰਾਸ਼ੀ ਨਕਦ ਦਿੱਤੀ ਜਾਵੇਗੀ।
ਇਹ ਫ਼ੈਸਲਾ ਸਿਖ ਐਜੂਕੇਸ਼ਨਲ ਸੋਸਾਇਟੀ ਦੇ ਪ੍ਰਧਾਨ ਸਃ ਗੁਰਦੇਵ ਸਿੰਘ ਆਈ ਏ ਐੱਸ (ਰਿਟ) ਦੀ ਪ੍ਰਧਾਨਗੀ ਹੇਠ ਗੁਰਭਜਨ ਗਿੱਲ ਦੀਆਂ ਪੰਜਾਬੀ ਸਾਹਿੱਤ ਤੇ ਸੱਭਿਆਚਾਰ ਪ੍ਰਤੀ ਨਿੱਗਰ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਕੀਤਾ ਗਿਆ ਹੈ। ਇਹ ਸਮਾਗਮ 27 ਨਵੰਬਰ ਸ਼ਨਿੱਚਰਵਾਰ ਸਵੇਰੇ ਦਸ ਵਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਿਜ ਸੈਕਟਰ 26 , ਚੰਡੀਗੜ੍ਹ ਵਿਖੇ ਸਰਦਾਰ ਹਰੀ ਸਿੰਘ ਨਲਵਾ ਹਾਲ ਵਿੱਚ ਕੀਤਾ ਜਾਵੇਗਾ।
ਪੁਰਸਕਾਰ ਦੇਣ ਦਾ ਐਲਾਨ ਕਰਦਿਆਂ ਕਰਨਲ ਜਸਮੇਰ ਸਿੰਘ ਬਾਲਾ ਨੇ ਦੱਸਿਆ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਸਮਰੱਥ ਤੇ ਲਗਾਤਾਰ ਕ੍ਰਿਆਸ਼ੀਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ, ਵਿਗਿਆਨ ਸਾਹਿੱਤ ਸੰਪਾਦਕ ਅਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਹੀ ਸਰਗਰਮ ਸਭਿਆਚਾਰਕ ਸਖਸ਼ੀਅਤ ਹੈ। ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ 2010 ਤੋਂ 2014 ਤੀਕ ਪ੍ਰਧਾਨ ਰਹੇ। ਪ੍ਰੋ: ਮੋਹਨ ਸਿੰਘ ਫਾਉਂਡੇਸ਼ਨ ਦੇ 1978 ਤੋਂ ਕਾਰਜਸ਼ੀਲ ਅਹੁਦੇਦਾਰ ਰਹਿਣ ਤੋਂ ਇਲਾਵਾ ਕਿਲ੍ਹਾ ਰਾਏਪੁਰ, ਗੁੱਜਰਵਾਲ (ਲੁਧਿਆਣਾ) ਤੇ ਕੋਟਲਾ ਸ਼ਾਹੀਆ (ਗੁਰਦਾਸਪੁਰ) ਵਿੱਚ ਹੁੰਦੀਆਂ ਕਮਲਜੀਤ ਖੇਡਾਂ ਦੇ ਪ੍ਰਬੰਧ ਚ ਵੱਖ ਵੱਖ ਸਮੇਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਪ੍ਰੋਃ ਗਿੱਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ 30 ਅਪ੍ਰੈਲ1983 ਤੋਂ 31 ਮਈ 2013 ਤੀਕ ਸੀਨੀਅਰ ਸੰਪਾਦਕ ਰਹੇ ਅਤੇ ਇਸ ਤੋਂ ਪਹਿਲਾਂ ਗੁਰੂ ਨਾਨਕ ਨੈਸ਼ਨਲ ਕਾਲਿਜ ਦੋਰਾਹਾ ਤੇ ਲਾਜਪਤ ਰਾਏ ਮੈਮੋਰੀਅਲ ਕਾਲਿਜ ਜਗਰਾਉਂ(ਲੁਧਿਆਣਾ) ਵਿੱਚ 6 ਸਾਲ ਤੋਂ ਵੱਧ ਸਮਾਂ ਪੜ੍ਹਾਇਆ। ਪੰਜਾਬ ਖੇਤੀ ਯੂਨੀਵਰਸਿਟੀ ਤੋਂ ਸੇਵਾਮੁਕਤ ਹੋ ਕੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਵਿੱਚ ਵੀ ਕੁਝ ਸਮਾਂ ਡਾਇਰੈਕਟਰ (ਯੋਜਨਾ ਤੇ ਵਿਕਾਸ) ਰਹੇ।
ਪ੍ਰੋਃ ਗੁਰਭਜਨ ਗਿੱਲ ਦੀਆਂ ਕਾਵਿ ਰਚਨਾਵਾਂ ਸ਼ੀਸ਼ਾ ਝੂਠ ਬੋਲਦਾ ਹੈ (ਕਾਵਿ ਸੰਗ੍ਰਹਿ), ਹਰ ਧੁਖਦਾ ਪਿੰਡ ਮੇਰਾ ਹੈ (ਗਜ਼ਲਾਂ), ਸੁਰਖ਼ ਸਮੁੰਦਰ, ਦੋ ਹਰਫ਼ ਰਸੀਦੀ (ਗ਼ਜ਼ਲਾਂ), ਅਗਨ ਕਥਾ( ਕਾਵਿ ਸੰਗ੍ਰਹਿ), ਮਨ ਦੇ ਬੂਹੇ ਬਾਰੀਆਂ (ਗ਼ਜ਼ਲਾਂ), ਧਰਤੀ ਨਾਦ (ਕਾਵਿ ਸੰਗ੍ਰਹਿ), ਖ਼ੈਰ ਪੰਜਾਂ ਪਾਣੀਆਂ ਦੀ (ਹਿੰਦ ਪਾਕ ਰਿਸ਼ਤਿਆਂ ਬਾਰੇ ਕਵਿਤਾਵਾਂ), ਫੁੱਲਾਂ ਦੀ ਝਾਂਜਰ (ਗੀਤ ਸੰਗ੍ਰਹਿ), ਪਾਰਦਰਸ਼ੀ (ਕਾਵਿ ਸੰਗ੍ਰਹਿ), ਮੋਰਪੰਖ (ਗ਼ਜ਼ਲਾਂ), ਮਨ ਤੰਦੂਰ (ਕਾਵਿ ਸੰਗ੍ਰਹਿ), ਤਾਰਿਆਂ ਦੇ ਨਾਲ ਗੱਲਾਂ ਕਰਦਿਆਂ (ਸੁਲੱਖਣ ਸਰਹੱਦੀ ਵੱਲੋਂ ਸੰਪਾਦਿਤ ਚੋਣਵੀਆਂ ਗ਼ਜ਼ਲਾਂ), ਗੁਲਨਾਰ (ਗ਼ਜ਼ਲਾਂ), ਮਿਰਗਾਵਲੀ (ਗ਼ਜ਼ਲਾਂ) ਤੋਂ ਇਲਾਵਾ ਪੱਤੇ ਪੱਤੇ ਲਿਖੀ ਇਬਾਰਤ, (ਕੁਦਰਤ ਬਾਰੇ 103 ਰੁਬਾਈਆਂ ) ਤੇਜ ਪ੍ਰਤਾਪ ਸਿੰਘ ਸੰਧੂ ਦੇ ਫੋਟੋ ਚਿਤਰਾਂ ਸਮੇਤ ਕੌਫੀ ਟੇਬਲ ਕਿਤਾਬ) ਛਪ ਚੁਕੀਆਂ ਹਨ ਜਦ ਕਿ ਵਾਤਾਵਰਣ ਬਾਰੇ ਇਕਲੌਤੀ ਵਾਰਤਕ ਪੁਸਤਕ ਕੈਮਰੇ ਦੀ ਅੱਖ ਬੋਲਦੀ 1999 ਚ ਛਪੀ ਸੀ।
ਵਰਤਮਾਨ ਸਮੇਂ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰਸਟ ਬੱਸੀਆਂ -ਰਾਏਕੋਟ (ਲੁਧਿਆਣਾ) ਸਃ ਸੋਭਾ ਸਿੰਘ ਮੈਮੋਰੀਅਲ ਫਾਉਂਡੇਸ਼ਨ ਸ਼੍ਰੀ ਹਰਗੋਬਿੰਦਪੁਰ( ਗੁਰਦਾਸਪੁਰ) ,ਉਲੰਪੀਅਨ ਸੁਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਅਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਹਨ।