ਕੈਲਗਰੀ ਵੱਸਦੇ ਗੀਤਕਾਰ ਸੁੱਖ ਬਰਾੜ ਨੇ ਲੁਧਿਆਣਾ ਫੇਰੀ ਦੌਰਾਨ ਆਪਣੇ ਸਿਰਜਣਾ ਪੰਧ ਬਾਰੇ ਦੱਸਿਆ
ਲੁਧਿਆਣਾਃ 10 ਅਕਤੂਬਰ 2022 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਫੇਰੀ ਤੇ ਆਏ ਗੀਤਕਾਰ ਸੁੱਖ ਬਰਾੜ ਨਾਲ ਉਨ੍ਹਾਂ ਦੇ ਸਿਰਜਣਾ ਪੰਧ ਬਾਰੇ ਵਿਚਾਰ ਚਰਚਾ ਕੀਤੀ।
ਸੁੱਖ ਬਰਾੜ ਪਿਛਲੇ ਤੀਹ ਸਾਲ ਤੋਂ ਕੈਲਗਰੀ (ਕੈਨੇਡਾ )ਚ ਰਹਿੰਦਿਆਂ ਗੀਤ ਸਿਰਜਣਾ ਕਰ ਰਹੇ ਹਨ। ਉਨ੍ਹਾਂ ਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਓਤ ਪੋਤ ਗੀਤ ਗਿੱਲ ਹਰਦੀਪ ਤੇ ਕਰਮਜੀਤ ਅਨਮੋਲ ਵਰਗੇ ਸਿਰਕੱਢ ਸੁਰੀਲੇ ਗਾਇਕ ਗਾ ਚੁਕੇ ਹਨ। ਨੇੜ ਭਵਿੱਖ ਵਿੱਚ ਉਸ ਦਾ ਪਲੇਠਾ ਗੀਤ ਸੰਗ੍ਰਹਿ ਵੀ ਛਪ ਰਿਹਾ ਹੈ। ਮਹੀਆਂਵਾਲਾ (ਫੀਰੋਜ਼ਪੁਰ) ਦੇ ਜੰਮਪਲ ਸੁੱਖ ਬਰਾੜ ਨੇ ਦੱਸਿਆ ਕਿ ਬਦੇਸ਼ ਵੱਸਦਿਆਂ ਗੀਤਕਾਰੀ ਵਿੱਚ ਯੋਗ ਅਗਵਾਈ ਦੀ ਲਗਪਗ ਅਣਹੋਂਦ ਹੀ ਹੈ। ਲਗਪਗ ਸਾਰੇ ਗੀਤਕਾਰ ਆਪੋ ਆਪਣੇ ਯਤਨਾਂ ਨਾਲ ਹੀ ਅੱਗੇ ਵਧ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕਮੀ ਦੇ ਬਾਵਜੂਦ ਬਹੁਤ ਚੰਗੇ ਗਾਇਕ, ਸੰਗੀਤਕਾਰ ਤੇ ਗੀਤਕਾਰ ਇਸ ਵੇਲੇ ਪਰਦੇਸ ਵਿੱਚ ਰਹਿ ਕੇ ਵੀ ਪੰਜਾਬੀ ਲੋਕ ਸੰਗੀਤ ਵਿੱਚ ਚੰਗੇ ਗੀਤ ਭੇਂਟ ਕਰ ਰਹੇ ਹਨ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਸੁੱਖ ਬਰਾੜ ਦੰਪਤੀ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀ ਗੀਤਕਾਰੀ ਸਬੰਧੀ ਮਾਹਿਰ ਗੀਤਕਾਰਾਂ ਦਾ ਪੈਨਲ ਬਣਾ ਕੇ ਔਨਲਾਈਨ ਸਿਖਲਾਈ ਦਾ ਯੋਗ ਪ੍ਰਬੰਧ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੀਤ ਲਿਖਣਾ ਸਿੱਖਿਆ ਨਹੀਂ ਜਾ ਸਕਦਾ ਸਗੋਂ ਰੂਹ ਅੰਦਰੋਂ ਲੱਭਣਾ ਪੈਂਦਾ ਹੈ। ਇਸ ਮੌਕੇ ਸੁੱਖ ਬਰਾੜ ਤੇ ਉਨ੍ਹਾਂ ਦੀ ਜੀਵਨ ਸਾਥਣ ਰਮਨ ਬਰਾੜ ਨੂੰ ਗੁਰਭਜਨ ਗਿੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਨੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਦਰਸ਼ਨ ਬੁੱਟਰ ਨੇ ਵੀ ਵਿਚਾਰ ਵਟਾਂਦਰੇ ਚ ਹਿੱਸਾ ਲੈਂਦਿਆਂ ਕਿਹਾ ਕਿ ਬਦੇਸ਼ਾੰ ਵਿੱਚ ਵੱਸਦੇ ਲੇਖਕ ਸਾਡੇ ਸਭਿਆਚਾਰਕ ਰਾਜਦੂਤ ਹਨ ਜੋ ਬਿਨ ਤਨਖਾਹੋਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਰਚਮ ਲਹਿਰਾ ਰਹੇ ਹਨ।