ਚੰਡੀਗੜ੍ਹ, 30 ਜੂਨ : 36 ਸਾਲ ਪੰਜਾਬ ਪੁਲਿਸ 'ਚ ਸੇਵਾਵਾਂ ਨਿਭਾਉਣ ਵਾਲੇ ਪੁਲਿਸ ਅਧਿਕਾਰੀ ਸੁਮੇਧ ਸੈਣੀ ਅੱਜ ਪੰਜਾਬ ਪੁਲਿਸ ਦੀਆਂ ਸੇਵਾਵਾਂ ਤੋਂ ਸੇਵਾਮੁਕਤ ਹੋ ਗਏ ਹਨ। ਉਹ ਆਪਣੀ ਡਿਊਟੀ ਦੇ ਕਾਰਜਕਾਲ ਦੌਰਾਨ ਜ਼ਿਆਦਾਤਰ ਵਿਵਾਦਾਂ 'ਚ ਹੀ ਘਿਰੇ ਰਹੇ ਹਨ। ਚਾਹੇ ਉਹ ਬਰਗਾੜੀ ਕਾਂਢ ਮਾਮਲਾ ਹੋਵੇ ਜਾਂ ਫਿਰ ਅੱਤਵਾਦ ਦੇ ਦੌਰ 'ਚ ਉਨ੍ਹਾਂ 'ਤੇ ਮਾਨਵ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ਾਂ ਦਾ ਮਾਮਲਾ ਹੋਵੇ। ਸੈਣੀ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਸਿਆਸੀ ਪੜਾਅ ਅੰਦਰ ਘਿਰੇ ਜਰੂਰ ਰਹੇ ਨੇ। ਸੈਣੀ ਬਤੌਰ ਐਸ.ਐਸ.ਪੀ ਬਟਾਲਾ, ਬਠਿੰਡਾ, ਲੁਧਿਆਣਾ, ਫਿਰੋਜ਼ਪੁਰ, ਰੂਪਨਗਰ ਤੇ ਚੰਡੀਗੜ੍ਹ ਵਿਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ। ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਜ਼ਿਲ੍ਹਾ ਪੁਲਿਸ ਮੁਖੀ ਹੁੰਦੀਆਂ ਵੀ ਵਿਵਾਦਾਂ ਨੇ ਉਨ੍ਹਾਂ ਦਾ ਰਸਤਾ ਨਾ ਛੱਡਿਆ।
ਸੈਣੀ ਲੁਧਿਆਣਾ 'ਚ ਦੋ ਸਕੇ ਭਰਾਵਾਂ ਦੇ ਲਾਪਤਾ ਹੋਣ ਦੇ ਮਾਮਲੇ ਦੀ ਸੀ.ਬੀ.ਆਈ. ਜਾਂਚ ਦੇ ਕਟਹਿਰੇ 'ਚ ਆ ਗਏ ਸਨ ਅਤੇ ਜਿਸ ਕਾਰਨ ਅੱਜ ਵੀ ਉਹ ਮਾਮਲਾ ਨਵੀਂ ਦਿੱਲੀ ਦੀ ਅਦਾਲਤ 'ਚ ਚੱਲ ਰਿਹਾ ਹੈ। ਚੰਡੀਗੜ੍ਹ ਵਿਚ ਹੀ ਇਕ ਪੱਤਰਕਾਰ ਨੂੰ ਗ੍ਰਿਫਤਾਰ ਕਰਨ ਦੇ ਮਾਮਲੇ ਵਿਚ ਉਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਨਾਲ ਟਕਰਾਅ ਪੈਦਾ ਹੋਇਆ ਸੀ। ਜਿਸ ਸਮੇਂ ਕੈਪਟਨ ਅਮਰਿੰਦਰ ਸਿੰਘ 'ਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਵਰਗੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ ਉਸ ਸਮੇਂ ਸੁਮੇਧ ਸੈਣੀ ਅਕਾਲੀ-ਭਾਜਪਾ ਸਰਕਾਰ 'ਚ ਵਿਜ਼ੀਲੈਂਸ ਵਿਭਾਗ ਦੇ ਮੁਖੀ ਵਜੋਂ ਆਪਣੀ ਸੇਵਾਵਾਂ ਨਿਭਾਅ ਰਹੇ ਸਨ।
ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਲ 2012 ਵਿਚ ਸੱਤਾ 'ਚ ਆਉਣ ਤੋਂ ਬਾਅਦ ਆਈ.ਪੀ.ਐੱਸ ਅਧਿਕਾਰੀ 1982 ਬੈਚ ਅਫਸਰ ਸੈਣੀ ਨੂੰ ਪੰਜਾਬ ਪੁਲਿਸ ਦੇ ਮੁਖੀ ਥਾਪ ਦਿੱਤਾ ਗਿਆ ਸੀ। ਉਸ ਸਮੇਂ ਸੈਣੀ 54 ਸਾਲ ਦੇ ਸਨ ਤੇ ਪੰਜਾਬ ਦੇ ਸਭ ਤੋਂ ਘੱਟ ਉਮਰ ਦੇ ਡੀ.ਜੀ.ਪੀ ਸਨ। ਸੈਣੀ ਨੂੰ ਚਾਰ ਸੀਨੀਅਰ ਅਧਿਕਾਰੀਆਂ ਨੂੰ ਛੱਡ ਇਸ ਅਹੁਦੇ 'ਤਟ ਬਿਠਾਇਆ ਗਿਆ ਸੀ। ਹਾਲਾਂਕਿ ਸੈਣੀ 'ਤੇ ਮਨੁੱਖੀ ਅਧਿਕਾਰਾਂ ਦੀਆਂ ਸ਼ੀਕਾਇਤਾਂ ਦੇ ਗੰਭੀਰ ਦੋਸ਼ ਲੱਗੇ ਸਨ। ਪਰ ਬਾਦਲ ਸਰਕਾਰ ਸਮੇਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ।
ਸਾਲ 2015 ਵਿਚ ਫਰੀਦਕੋਟ ਜ਼ਿਲ੍ਹਾ 'ਚ ਬਰਗਾੜੀ ਕਾਂਢ ਦੌਰਾਨ ਹੋਈਆਂ ਘਟਨਾਵਾਂ ਦੇ ਚਲਦਿਆਂ ਸਰਕਾਰ ਵੱਲੋਂ ਉਨ੍ਹਾਂ ਨੂੰ ਰੋਤੋ-ਰਾਤ ਡੀ.ਜੀ.ਪੀ ਦੇ ਅਹੁਦੇ ਤੋਂ ਲਾਹੁਣਾ ਪੈ ਗਿਆ ਸੀ। ਸੈਣੀ ਸੇਵਾਮੁਕਤ ਹੋਣ ਤੋਂ ਪਹਿਲਾਂ ਪੰਜਾਬ ਪੁਲਿਸ ਹਾਉਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਲੱਗੇ ਸਨ। ਸਰਕਾਰ ਵੱਲੋਂ ਸ਼੍ਰੀ ਸੁਮੇਧ ਸੈਣੀ ਨੂੰ ਜ਼ੈੱਡ ਪਲੱਸ ਸਕਿਉਰਿਟੀ ਮਿਲੀ ਹੋਈ ਹੈ।