ਪੰਜਾਬ ਕਲਾ ਪਰਿਸ਼ਦ ਨੇ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਜਨਮ ਦਿਨ ਉਤੇ ਮੁਬਾਰਕ ਦਿੱਤੀ
ਚੰਡੀਗੜ, 2 ਅਗਸਤ 2021: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਸਰੀ) ਵਿਖੇ ਰਹਿ ਪੰਜਾਬੀ ਦੇ ਪ੍ਰਮੁੱਖ ਨਾਵਲਕਾਰ ਸ੍ਰ ਜਰਨੈਲ ਸਿੰਘ ਸੇਖਾ ਨੂੰ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਨੇ ਮੁਬਾਰਕਾਂ ਦਿੰਦਿਆਂ ਉਨਾ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ।
ਕਲਾ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਜਰਨੈਲ ਸਿੰਘ ਸੇਖਾ ਨਿਸ਼ਠਾਵਾਨ ਕਲਮਕਾਰ ਹਨ ਤੇ ਲੰਮੇ ਸਮੇਂ ਤੋਂ ਕਲਮ ਨਾਲ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਹੋਏ ਹਨ। ਉਨਾ ਨੇ ਸ਼ਾਨਦਾਰ ਨਾਵਲਾਂ ਦੇ ਨਾਲ ਨਾਲ ਯਾਦਗਾਰੀ ਕਹਾਣੀਆਂ ਤੇ ਸਵੈ ਜੀਵਨੀ ਲਿਖ ਕੇ ਪੰਜਾਬੀ ਸਾਹਿਤ ਜਗਤ ਵਿਚ ਨਾਮਣਾ ਖੱਟਿਆ ਹੈ। ਡਾ ਪਾਤਰ ਨੇ ਕਿਹਾ ਕਿ ਸੇਖਾ ਇਕ ਮਿਲਣਸਾਰ ਤੇ ਸਾਊ ਸ਼ਖਸੀਅਤ ਦੇ ਮਾਲਕ ਹਨ।
ਪੰਜਾਬ ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਸੇਖਾ ਦੇ ਰਚਿਤ ਨਾਵਲ ਤੇ ਕਹਾਣੀਆਂ ਪ੍ਰਵਾਸੀ ਪੰਜਾਬੀ ਦੀ ਦਰਦੀਲੀ ਦਾਸਤਾਨ ਹਨ। ਸੇਖਾ ਨੇ ਪ੍ਰਵਾਸ ਧਾਰਨ ਬਾਅਦ ਬੜੀ ਨੀਝ ਨਾਲ ਪੰਜਾਬੀ ਪ੍ਰਵਾਸੀਆਂ ਦੇ ਜੀਵਨ ਨੂੰ ਤੱਕਿਆ। ਪੰਜਾਬ ਕਲਾ ਪਰਿਸ਼ਦ ਦੇ ਸਕਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਖਿਆ ਕਿ ਜਰਨੈਲ ਸਿੰਘ ਸੇਖਾ ਨੇ ਪੰਜਾਬ ਵਿਚ ਰਹਿੰਦੇ ਹੋਏ ਅਧਿਆਪਨ ਦਾ ਕਾਰਜ ਵੀ ਬਾਖੂਬੀ ਨਿਭਾਇਆ ਤੇ ਅਜਕਲ ਬ੍ਰਿਟਿਸ਼ ਕੋਲੰਬੀਆ ਦੀਆਂ ਸਾਹਿਤਕ ਲਹਿਰਾਂ ਵਿਚ ਸਰਗਰਮ ਹਨ। ਡਾ ਜੌਹਲ ਨੇ ਕਿਹਾ ਕਿ ਪੰਜਾਬ ਤੋਂ ਦੂਰ ਰਹਿਕੇ ਇਹ ਕਲਮਕਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ, ਜੋ ਸ਼ਲਾਘਾਯੋਗ ਹੈ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਸੇਖਾ ਜੀ ਸਾਊ, ਜਿੰਦਾਦਿਲ ਤੇ ਦਿਆਲੂ ਲੇਖਕ ਹੈ। ਉਹ ਉਮਰ ਦੇ ਪਰੌੜ ਸਮੇਂ ਸੰਤੁਸ਼ਟ ਤੇ ਪੂਰਨ ਸੰਜੀਦਾ ਹਨ। ਅਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਆਪ ਨੂੰ ਜਨਮ ਦਿਨ ਮੌਕੇ ਸ਼ੁਭਕਾਮਨਾਵਾਂ ਤੇ ਮੁਬਾਰਕ ਦੇ ਰਹੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।