ਪੰਜਾਬ ਕਲਾ ਪਰਿਸ਼ਦ ਵਲੋਂ ਗਾਰਗੀ ਨੂੰ ਸ਼ਰਧਾਂਜਲੀ ਭੇਟ
ਚੰਡੀਗੜ੍ਹ, 4 ਦਸੰਬਰ 2021 - ਪੰਜਾਬੀ ਦੇ ਉਘੇ ਲੇਖਕ ਤੇ ਨਾਟਕਕਾਰ ਬਲਵੰਤ ਗਾਰਗੀ ਦਾ ਅੱਜ ਜਨਮ ਦਿਨ ਹੈ। ਅਜ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਵਲੋਂ ਗਾਰਗੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਇਸ ਮੌਕੇ ਉਤੇ ਆਖਿਆ ਕਿ ਗਾਰਗੀ ਆਪਣੀਆਂ ਲਿਖਤਾਂ ਕਰਕੇ ਅੱਜ ਵੀ ਜਿਊਂਦਾ ਹੈ। ਗਾਰਗੀ ਦੀਆਂ ਲਿਖਤਾਂ ਪਾਠਕਾਂ ਦੇ ਦਿਲਾਂ ਅੰਦਰ ਵੱਸੀਆਂ ਹੋਈਆਂ ਹਨ।
ਡਾ ਪਾਤਰ ਨੇ ਕਿਹਾ ਕਿ ਗਾਰਗੀ ਇਕੋ ਸਮੇਂ ਨਾਟਕਕਾਰ, ਕਹਾਣੀਕਾਰ ਤੇ ਵਾਰਤਕਕਾਰ ਸਨ। ਉਨਾਂ ਦੀਆਂ ਰਚੀਆਂ ਪੁਸਤਕਾਂ ਪਾਠਕਾਂ ਦੀਆਂ ਲਾਇਬ੍ਰੇਰੀਆਂ ਦਾ ਅੱਜ ਵੀ ਸ਼ਿੰਗਾਰ ਹਨ। ਕਲਾ ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਖਿਆ ਕਿ ਗਾਰਗੀ ਜੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪਟਿਆਲਾ ਯੂਨੀਵਰਸਿਟੀ ਵਿਖੇ ਯਾਦਗਾਰੀ ਤੇ ਕਲਾਤਮਿਕ ਸਮਾਂ ਬਤੀਤ ਕੀਤਾ। ਉਹ ਅੱਜ ਇੰਨਾਂ ਅਦਾਰਿਆਂ ਦੀ ਰੂਹ ਹਨ।
ਪਰਿਸ਼ਦ ਦੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਗਾਰਗੀ ਨੇ ਮਲਵਈ ਬੋਲੀ ਵਿਚ ਰਚਨਾਵਾਂ ਰਚ ਕੇ ਆਪਣੀ ਵਿਲੱਖਣ ਛਾਪ ਛੱਡੀ। ਗਾਰਗੀ ਇਕ ਚੁੰਬਕੀ ਸ਼ਖਸੀਅਤ ਦੇ ਮਾਲਕ ਸਨ। ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਕਿਹਾ ਕਿ ਗਾਰਗੀ ਦੀਆਂ ਲਿਖਤਾਂ ਤੋਂ ਹੀ ਪ੍ਰਭਾਵਿਤ ਹੋਕੇ ਵਾਰਤਕ ਲਿਖਣ ਲੱਗੇ। ਗਾਰਗੀ ਦੀ ਸ਼ਖਸੀਅਤ ਮਿਕਨਾਤੀਸੀ ਸੀ। ਪੰਜਾਬ ਕਲਾ ਪਰਿਸ਼ਦ ਨੇ ਗਾਰਗੀ ਦੇ ਪ੍ਰਵਾਰ ਨੂੰ ਇਸ ਮੌਕੇ ਉਤੇ ਵਧਾਈ ਦਿੱਤੀ ਹੈ।
ਨਿੰਦਰ ਘੁਗਿਆਣਵੀ, ਮੀਡੀਆ ਕੋਆਰਡੀਨੇਟਰ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।