ਚੰਡੀਗੜ੍ਹ, 8 ਫਰਵਰੀ 2021 - ਪੰਜਾਬ ਦੇ ਸਭਿਆਚਾਰਕ ਮਾਮਲਿਆ ਦੇ ਮੰਤਰੀ ਸ੍ਰ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਦੀ ਸ਼੍ਰੋਮਣੀ ਪੁਰਸਕਾਰ ਵਿਜੇਤਾ ਬਚਿੰਤ ਕੌਰ ਨੂੰ ਉਨਾ ਦੇ ਜਨਮ ਦਿਨ ਉਤੇ ਵਧਾਈ ਦਿੰਦਿਆਂ ਆਖਿਆ ਹੈ ਕਿ ਬਚਿੰਤ ਕੌਰ ਜੀ ਸਾਡੀ ਮਾਣਮੱਤੀ ਲੇਖਿਕਾ ਹੈ ਉਨਾ ਦੀਆਂ ਰਚਨਾਵਾਂ ਨੂੰ ਪੰਜਾਬੀ ਜਗਤ ਵਲੋਂ ਮਿਲਿਆ ਮਾਣ ਸਨਮਾਣ ਸਭਨਾਂ ਵਾਸਤੇ ਫਖਰ ਵਾਲੀ ਗੱਲ ਹੈ। ਸ੍ਰ ਚੰਨੀ ਨੇ ਬਚਿੰਤ ਕੌਰ ਦੀ ਸਵੈ ਜੀਵਨੀ " ਪਗਡੰਡੀਆਂ" ਦੀ ਸ਼ਲਾਘਾ ਕਰਦਿਆਂ ਆਖਿਆ ਕਿ ਸੱਚ ਤੇ ਤਲਖ ਹਕੀਕਤਾਂ ਨਾਲ ਭਰੀ ਹੋਈ ਉਨਾ ਦੀ ਇਹ ਪੁਸਤਕ ਹਰਮਨ ਪਿਆਰੀ ਹੋਈ। ਪੰਜਾਬੀ ਦੇ ਉਘੇ ਸ਼ਾਇਰ ਡਾ ਸੁਰਜੀਤ ਪਾਤਰ ਨੇ ਬਚਿੰਤ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਸਨੇ ਆਪਣੀ ਹਰ ਲਿਖਤ ਵਿਚ ਕਲਮ ਨਾਲ ਵਫਾ ਕੀਤੀ ਹੈ। ਡਾ ਪਾਤਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਬਚਿੰਤ ਕੌਰ ਦੀ ਰਚਨਾ ਅੰਗਰੇਜ਼ੀ ਵਿਚ ' ਦਿ ਲਾਸਟ ਪੇਜ' ਨਾਂ ਹੇਠ ਛਪੀ।
ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਬਚਿੰਤ ਕੌਰ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਾਡੀ ਇਹ ਮਹਾਨ ਲੇਖਕਾ ਨੇ ਕਹਾਣੀ ਦੇ ਨਾਲ ਨਾਲ ਲੋਕ ਗੀਤਾਂ ਤੇ ਟੱਪਿਆਂ ਉਤੇ ਵੀ ਤਿੰਨ ਕਿਤਾਬਾਂ ਸਾਹਿਤ ਜਗਤ ਨੂੰ ਦਿੱਤੀਆਂ ਹਨ। ਆਪ ਦੀ ਰਚਨਾਵਾਂ ' ਭੁੱਬਲ ਦੀ ਅੱਗ' ਤੇ ' ਮੁਕਲਾਵੇ ਵਾਲੀ ਰਾਤ' ਬੇਹੱਦ ਪਸੰਦ ਕੀਤੀਆਂ ਗਈਆਂ ਹਨ। ਆਪ ਨੇ ' ਕਾਸ਼ਨੀ ਦੁਪੱਟਾ ਪੁਸਤਕ ਵਿਚ ਪ੍ਰਵਾਸ ਨਾਲ ਜੁੜੀਆਂ ਕਹਾਣੀਆਂ ਸੰਪਾਦਿਤ ਕੀਤੀਆਂ। ਹੁਣ ਤੀਕ ਵੀਹ ਤੋਂ ਵਧ ਕਿਤਾਬਾਂ ਕਹਾਣੀਆਂ ਦੀਆਂ ਲਿਖੀਆਂ। 8 ਫਰਵਰੀ ਸੰਨ 1940 ਨੂੰ ਜਨਮ ਲੈਣ ਵਾਲੀ ਬਚਿੰਤ ਕੌਰ ਨੂੰ ਅਜ ਉਨਾ ਦੇ ਜਨਮ ਦਿਨ ਮੌਕੇ ਪੰਜਾਬ ਕਲਾ ਪਰਿਸ਼ਦ ਉਨਾ ਸਿਜਦਾ ਕਰਦੀ ਹੈ।
ਨਿੰਦਰ ਘੁਗਿਆਣਵੀ
ਮੀਡੀਆ ਕੋਆ: ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ।