ਬਲਵੰਤ ਸਿੰਘ ਸੰਘੇੜਾ
ਰਿਚਮੰਡ, 20 ਅਗਸਤ 2019 - ਸਨਿਚਰਵਾਰ ,17 ਅਗਸਤ ਨੂੰ, ਸਤਿਕਾਰ ਯੋਗ ਆਸਾ ਸਿੰਘ ਜੌਹਲ ਦਾ 97ਵਾਂ ਜਨਮ ਦਿਨ ਗੁਰਦਵਾਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਸਮੇਂ ਸਮੁੱਚਾ ਜੌਹਲ ਪਰਵਾਰ ,ਉਹਨਾਂ ਦੇ ਦੋਸਤ ਮਿੱਤਰ ,ਰਿਸ਼ਤੇਦਾਰ, ਸ਼ੁਭਚਿੰਤਕ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈੰਬਰ ਹਾਜਰ ਸਨ।
ਇੰਨੀ ਲੰਬੀ ਉਮਰ ਹੋਣ ਦੇ ਬਾਵਯੂਦ ਵੀ ਜੌਹਲ ਸਾਹਿਬ ਬਹੁਤ ਸਰਗਰਮ ਹਨ। ਉਹ ਆਪਣੀ ਸਿਹਤ ਦਾ ਪੂਰਾ ਖਿਆਲ ਰਖਦੇ ਹਨ। ਆਸਾ ਸਿੰਘ ਜੌਹਲ ਸਾਡੇ ਸਭ ਲਈ ਇਕ ਬਹੁਤ ਚੰਗੇ ਰੋਲ ਮੌਡਲ ਹਨ।ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਉਟਾਵਾ ਤੋਂ ਹਵਾਈ ਸਫਰ ਦੀ ਦੇਰੀ ਕਰਕੇ ਪਹੁੰਚ ਨਾਂ ਸਕੇ ਪਰ ਉਹਨਾਂ ਨੇ ਆਸਾ ਸਿੰਘ ਜੋਹਲ ਨੂੰ ਇਸ ਸ਼ੁਭ ਮੌਕੇ ਤੇ ਆਪਣੀਆਂ ਸ਼ੁਭ ਇਸ਼ਾਵਾਂ ਭੇਜੀਆਂ। ਪਤਵੰਤੇ ਸੱਜਣਾਂ ਵਿਚ ਰਿਚਮੰਡ ਦੇ ਐਮ. ਪੀ. ਜੋ ਪੈਸਕੀਸੋਲੀਡੋ, ਮੇਅਰ ਮੈਲਕਮ ਬਰੋਡੀ,ਬੀ.ਸੀ. ਦੇ ਲੇਬਰ ਮੰਤਰੀ ਹੈਰੀ ਬੈੰਸ ਅਤੇ ਹੋਰ ਕਾਫੀ ਸ਼ਾਮਲ ਸਨ।ਇਹਨਾਂ ਸਭ ਨੇ ਇਸ ਮੌਕੇ ਤੇ ਸ਼ਾਮਲ ਹੋਕੇ ਅਸਾ ਸਿੰਘ ਜੌਹਲ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਕਮਿਊਨਿਟੀ ਅਤੇ ਕੈਨੇਡਾ ਵਿਚ ਯੋਗਦਾਨ ਪਾਉਣ ਦੀ ਸ਼ਲਾਘਾ ਕੀਤੀ।
ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਬਲਵੰਤ ਸਿੰਘ ਸੰਘੇੜਾ ਨੇ ਸਭ ਨੂੰ ਜੀ ਅਇਆਂ ਆਖਿਆ ਅਤੇ ਸਭ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਸੰਘੇੜਾ ਨੇ ਆਸਾ ਸਿੰਘ ਜੌਹਲ ਦੇ ਜੀਵਨ ਅਤੇ ਪ੍ਰਾਪਤੀਆਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ।ਖਾਲਸਾ ਦੀਵਾਨ ਸੁਸਾਇਟੀ ਵੈਨਕੋਵਰ ਦੇ ਪ੍ਰਧਾਨ ਮਲਕੀਤ ਸਿੰਘ ਧਾਮੀ ਅਤੇ ਉਹਨਾਂ ਦੇ ਸਾਥੀਆਂ ਨੇ ਆਸਾ ਸਿੰਘ ਜੌੋਹਲ ਨੂੰ ਸਤਿਕਾਰ ਵਜੋਂ ਇਕ ਪਲੇਕ ਦਿੱਤਾ ਅਤੇ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸੇ ਹੀ ਤਰ੍ਹਾਂ ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ (ਗੁਰਦਵਾਰਾ ਸੂਖ ਸਾਗਰ) ਦੇ ਪ੍ਰਧਾਨ ਹਰਭਜਨ ਸਿੰਘ ਅਠਵਾਲ ਨੇ ਭੀ ਆਸਾ ਸਿੰਘ ਜੌਹਲ ਦਾ ਪਲੇਕ ਨਾਲ ਸਨਮਾਨ ਕੀਤਾ।ਪਤਵੰਤੇ ਸੱਜਣਾਂ ਵਿਚ ਇੰਡੀਅਨ ਕੌਸਲ ਜਨਰਲ ਤੋਂ ਐਚ. ਵੈਨਕੈਟਚਲਮ, ਸਰ੍ਹੀ ਸੈਟਰ ਦੇ ਐਮ.ਪੀ. ਰਣਦੀਪ ਸਿੰਘ ਸਰਾਏ ,ਹਰਬ ਧਾਲੀਵਾਲ ਅਤੇ ਹੋਰ ਕਾਫੀ ਹਾਜਰ ਸਨ।
ਬੀਬੀ ਜਿੰਦਰ ਕੋਰ ਔੋਜਲਾ ਜੋ ਕਿ ਫਿਲਮਾਂ ਅਤੇ ਟੀਵੀ ਦੀ ਇਕ ਮਸ਼ਹੂਰ ਸਕਰੀਨ ਪਲੇਅ ਪ੍ਰੋਡਿਊਸਰ ਅਤੇ ਡਾਇਰੈਕਟਰ ਹੈ, ਨੇ ਆਸਾ ਸਿੰਘ ਜੌਹਲ ਦੀ ਜਿੰਦਗੀ ਉਪਰ ਬਹੁਤ ਹੀ ਮਹੱਤਵ ਪੂਰਣ ਕਿਤਾਬ ਲਿਖੀ ਹੈ। ਉਹਨਾਂ ਨੇ ਇਸ ਕਿਤਾਬ ਵਾਰੇ ਰੌਸ਼ਨੀ ਪਾਈ ਅਤੇ ਇਸ ਨੂੰ ਰਲੀਜ ਕਰਨ ਵਿਚ ਯੋਗਦਾਨ ਪਾਇਆ। ਸੰਗਤਾਂ ਨੇ ਕੀਰਤਨੀ ਜਥੇ ਵਲੋਂ ਕੀਤੇ ਕੀਰਤਨ ਦਾ ਭੀ ਅਨੰਦ ਮਾਣਿਆਂ। ਇਸ ਉਪਰੰਤ ਸੰਗਤਾਂ ਨੇ ਆਸਾ ਸਿੰਘ ਜੌਹਲ ਅਤੇ ਉਹਨਾਂ ਦੀ ਪਤਨੀ ਬੀਬੀ ਕਸ਼ਮੀਰ ਕੋਰ ਜੌਹਲ ਨਾਲ ਆਪਣੀਆਂ ਤਸਵੀਰਾਂ ਖਿਚਾਈਆਂ ਅਤੇ ਲੰਗਰ ਦਾ ਅਨੰਦ ਮਾਣਿਆ।