ਨੈਲਸਨ ਮੰਡੇਲਾ ਦੇ 'ਟਰੂਥ ਤੇ ਰੀਕੰਨਸੀਲੀਏਸ਼ਨ ਕਮਿਸ਼ਨ ਦਾ ਮੁਖੀ ਤੇ ਅਨਿਆਂ ਦੇ ਖ਼ਿਲਾਫ਼ ਲੜਨ ਵਾਲਾ ਨੇਤਾ ਸੁਰਗਵਾਸ
ਡਾ. ਰਛਪਾਲ ਸਹੋਤਾ
ਸਿਨਸਿਨੈਟੀ, ਯੂ ਐਸ ਏ, 26 ਦਸੰਬਰ, 2021:
ਅੱਜ 26 ਦਸੰਬਰ, 2021 ਨੂੰ, ਸਾਊਥ ਅਫ਼ਰੀਕਾ ਦਾ ਨੱਬੇ ਸਾਲਾ ਡੈਜ਼ਮੰਡ ਟੂਟੂ, ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਆਪਣੇ ਮੁਲਕ ਦੀ ਸਭ ਤੋਂ ਉੱਚੀ ਪਦਵੀ ਪ੍ਰਾਪਤ ਕਰਨ ਵਾਲਾ ਪਾਦਰੀ ਸੱਤ ਅਕਤੂਬਰ, 1931 ਨੂੰ ਕਲਾਰਕਡੋਰਪ, ਸਾਊਥ ਅਫ਼ਰੀਕਾ ਵਿੱਚ ਪੈਦਾ ਹੋਇਆ ਸੀ। ਨਿੱਕੇ ਹੁੰਦਿਆਂ ਉਹਨੂੰ ਡਾਕਟਰ ਬਨਣ ਦਾ ਸ਼ੌਕ ਸੀ, ਪਰ ਘਰ ਦੀ ਹੱਥ ਤੰਗੀ ਹੋਣ ਕਾਰਨ ਉਹਦੀ ਤਮੰਨਾ ਪੂਰੀ ਨਾਂ ਹੋ ਸਕੀ ਤੇ ਉਹ ਸਾਲ 1955 ਵਿੱਚ ਇੱਕ ਅਧਿਆਪਕ ਬਣ ਗਿਆ। ਪਰ 1957 ਵਿੱਚ ਉਹਨੂੰ ਜੋਹਾਨਸਨਬਰਗ ਦੇ ਇਸਾਈ ਕਾਲਜ ਵਿੱਚ ਪੜ੍ਹਨ ਦਾ ਮੌਕਾ ਮਿਲਿਆ ਅਤੇ ਉਹ ਪੜ੍ਹਾਈ ਤੋਂ ਬਾਅਦ ਪਾਦਰੀ ਬਣਕੇ ਇੰਗਲੈਂਡ ਚਲਾ ਗਿਆ।
ਸਾਲ 1980 ਵਿੱਚ ਉਸਨੇ ਅਫ਼ਰੀਕਾ ਵਿੱਚ ਗੋਰਿਆਂ ਤੇ ਰੰਗਦਾਰ ਨਸਲਾਂ ਵਿਚਲੀ ਨਾਬਰਾਬਰੀ ਨੂੰ ਦੂਰ ਕਰਨ ਦਾ ਬੀੜਾ ਚੁੱਕਿਆ ਹੋ ਰਹੇ ਨਸਲੀ ਵਿਤਕਰੇ ਵੱਲ ਅੰਤਰਰਾਸ਼ਟਰੀ ਪੱਧਰ ਤੇ ਲੋਕਾਂ ਦਾ ਧਿਆਨ ਖਿੱਚਿਆ। ਡੈਜ਼ਮੰਡ ਟੂਟੂ ਦੀਆਂ ਸਰਗਰਮੀਆਂ ਦਾ ਨੈਲਸਨ ਮੰਡੇਲਾ ਦੀ ਰਿਹਾਈ ਤੇ ਸਾਊਥ ਅਫ਼ਰੀਕਾ ਦੀ ਲੋਕਤੰਤਰ ਅਜ਼ਾਦੀ ਵਿੱਚ ਬਹੁਤ ਯੋਗਦਾਨ ਮੰਨਿਆ ਜਾਂਦਾ ਹੈ। 1995 ਵਿੱਚ ਨੈਲਸਨ ਮੰਡੇਲਾ ਨੇ ਡੈਜ਼ਮੰਡ ਟੂਟੂ ਨੂੰ 'ਟਰੂਥ ਤੇ ਰੀਕੰਨਸੀਲੀਏਸ਼ਨ ਕਮਿਸ਼ਨ,' ਜਿਸ ਦਾ ਮੁੱਖ ਕੰਮ ਇਨਸਾਨੀ ਹੱਕਾਂ ਤੇ ਹੋ ਰਹੇ ਹਮਲਿਆਂ ਦੀ ਛਾਣਬੀਣ ਕਰਨਾ ਸੀ, ਦੀ ਅਗਵਾਈ ਸੌਂਪੀ। ਜੁਲਾਈ 2010 ਨੂੰ ਡੈਜ਼ਮੰਡ ਟੂਟੂ ਨੇ ਸਿਹਤ ਕਾਰਨਾਂ ਕਰਕੇ ਆਪਣੇ ਕੰਮਾਂ ਨੂੰ ਘਟਾ ਲਿਆ, ਪਰ ਇੱਕ ਐਲਡਰਜ਼ ਨਾਂ ਦੇ ਗਰੁੱਪ, ਜਿਸਦੀ ਸਥਾਪਨਾ ਉਹਨੇ, ਦੁਨੀਆਂ ਦੇ ਝਗੜਿਆਂ ਦੇ ਹੱਲ ਲੱਭਣ ਲਈ, ਖ਼ੁਦ ਆਪ ਕੀਤੀ ਸੀ, ਵਿੱਚ ਕੰਮ ਜਾਰੀ ਰੱਖਿਆ।
ਡੈਜ਼ਮੰਡ ਟੂਟੂ ਦੀਆਂ ਸਮਾਜਕ ਸੇਵਾਵਾਂ ਕਾਰਨ ਉਹਨੂੰ 1984 ਦਾ ਅਮਨ ਪੁਰਸਕਾਰ ਮਿਲਿਆ ਸੀ। ਇਸ ਦੇ ਇਲਾਵਾ ਉਹਨੂੰ 2009 ਵਿੱਚ ਅਮਰੀਕਾ ਦਾ ਰਾਸ਼ਟਰਪਤੀ ਪੁਰਸਕਾਰ ਅਤੇ 2013 ਵਿੱਚ ਟੈਂਪਲਟੰਨ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ।