ਹਰਦਮ ਮਾਨ
ਸਰੀ, 2 ਦਸੰਬਰ 2019 - ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਕਵੀ ਪ੍ਰੀਤ ਮਨਪ੍ਰੀਤ ਦੇ ਕੈਨੇਡਾ ਵਾਪਸ ਪਰਤਣ ਤੇ ਉਸ ਨਾਲ ਇਕ ਸ਼ਾਮ ਮਨਾਈ ਗਈ ਜਿਸ ਵਿਚ ਪ੍ਰੀਤ ਮਨਪ੍ਰੀਤ ਨੇ ਆਪਣੀ ਯਾਤਰਾ ਦੌਰਾਨ ਪੰਜਾਬ ਵਿਚਲੀਆਂ ਸਾਹਿਤਕ ਸਰਗਰਮੀਆਂ ਬਾਰੇ ਆਪਣੇ ਅਨੁਭਵ ਮੰਚ ਦੇ ਸ਼ਾਇਰਾਂ ਨਾਲ ਸਾਂਝੇ ਕੀਤੇ। ਮਨਪ੍ਰੀਤ ਨੇ ਆਪਣੀ ਯਾਤਰਾ ਨੂੰ ਸਾਹਿਤਕ ਰੁਝੇਵਿਆਂ ਭਰਪੂਰ ਦਸਦਿਆਂ ਕਿਹਾ ਕਿ ਇਸ ਦੌਰਾਨ ਸਾਹਿਤ ਅਤੇ ਕਲਾ ਦੇ ਖੇਤਰ ਦੀਆਂ ਕਈ ਪ੍ਰਸਿੱਧ ਹਸਤੀਆਂ ਨਾਲ ਮੁਲਾਕਾਤ ਕਰਨ ਅਤੇ ਕੁਝ ਸੁਣਨ-ਸੁਣਾਉਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਮੈਂ ਆਪਣੀ ਕਿਤਾਬ ‘ਰੁੱਤਾਂ, ਦਿਲ ਤੇ ਸੁਫਨੇ’ ਵੀ ਪੂਰੀ ਕਰ ਸਕਿਆ, ਜੋ ਜਲਦੀ ਹੀ ਪਾਠਕਾਂ ਦੀ ਸੱਥ ਵਿਚ ਪੇਸ਼ ਹੋਵੇਗੀ। ਮਨਪ੍ਰੀਤ ਨੇ ਆਪਣੀ ਸ਼ਾਇਰੀ ਦੀਆਂ ਕਈ ਵੰਨਗੀਆਂ ਪੇਸ਼ ਕਰ ਕੇ ਆਧੁਨਿਕ ਪੰਜਾਬੀ ਸ਼ਾਇਰੀ ਦੇ ਦਰਸ਼ਨ ਕਰਵਾਏ। ਉਸ ਦੀ ਸ਼ਾਇਰੀ ਦਾ ਇਕ ਰੰਗ-
ਮੈਂ ਬਦਲ ਸਕਦਾਂ ਹਾਂ ਸੋਗੀ ਮੌਸਮਾਂ ਦੇ ਰੰਗ-ਢੰਗ
ਤੂੰ ਤੇ ਮੇਰੀ ਸ਼ਾਇਰੀ ਜੇ ਰਹਿਣ ਮੇਰੇ ਅੰਗ-ਸੰਗ ।
ਗ਼ਰਜ਼ ਦੇ ਝਾੜਾਂ ‘ਚ ਫਸ ਕੇ ਹੋ ਗਿਆ ਹੈ ਲੀਰ-ਲੀਰ
ਰਿਸ਼ਤਿਆਂ ਦਾ ਸੂਟ ਮੈਂ ਜੋ ਪਹਿਨਿਆ ਸੀ ਮੰਗ ਤੰਗ ।
ਸਾਹਿਤ ਅਕੈਡਮੀ ਐਵਾਰਡ ਨਾਲ ਸਨਮਾਨਿਤ ਪ੍ਰਸਿੱਧ ਸ਼ਾਇਰ ਜਸਵਿੰਦਰ ਨੇ ਮਨਪ੍ਰੀਤ ਨੂੰ ਸਫਲ ਸਾਹਿਤਕ ਫੇਰੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਗ਼ਜ਼ਲ ਮੰਚ ਸਰੀ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਜਸਵਿੰਦਰ ਨੇ ਆਪਣੇ ਕੁਝ ਸ਼ਿਅਰਾਂ ਰਾਹੀਂ ਪੰਜਾਬੀ ਗ਼ਜ਼ਲ ਦੀ ਬੁਲੰਦਗੀ ਦਾ ਅਹਿਸਾਸ ਕਰਵਾਇਆ। ਸ਼ਾਇਰੀ ਦਾ ਰੰਗ ਸੀ-
ਭੀੜ ਦੀਵਾਰਾਂ ਦੀ ਮੇਰੇ ਗਿਰਦ ਜੁੜਦੀ ਜਾ ਰਹੀ
ਲੋਕ ਜੋ ਦਰਵਾਜ਼ਿਆਂ ਵਰਗੇ ਸੀ, ਉਹ ਕਿੱਧਰ ਗਏ।
ਮੋਹ ਦੀਆਂ ਫਸਲਾਂ ਨਮੋਸ਼ੀ ਲਾਲ ਹੀ ਮਰ ਜਾਣੀਆਂ
ਲੋਕ ਆਪਣੀ ਆਤਮਾ ਦੇ ਖੇਤ ਗਹਿਣੇ ਧਰ ਗਏ।
ਦਸਮੇਸ਼ ਗਿੱਲ ਫਿਰੋਜ਼ ਨੇ ਵੀ ਮਨਪ੍ਰੀਤ ਦੀ ਇਸ ਯਾਤਰਾ ਨੂੰ ਉਸ ਦੀ ਸਾਹਿਤਕ ਪ੍ਰਾਪਤੀ ਕਿਹਾ ਅਤੇ ਆਪਣੀ ਹਾਜਰੀ ਦੋ ਤਾਜ਼ਾ ਗ਼ਜ਼ਲਾਂ ਨਾਲ ਲੁਆਈ। ਗਿੱਲ ਫਿਰੋਜ਼ ਨੇ ਕਿਹਾ-
ਸੂਰਜ ਦੀ ਬਾਰੀ ਜਿਸ ਵੇਲੇ ਭੇੜੀ ਗਈ।
ਬੱਦਲੀ ਦੀ ਸਤਰੰਗੀ ਵੰਗ ਤਰੇੜੀ ਗਈ।
ਜਿੰਦੇ, ਇਸ਼ਕੇ ਵਾਲਾ ਪਾਣੀ ਸੁੱਕ ਗਿਆ
ਤੂੰ ਤਿਰਹਾਈ ਸੱਖਣੇ ਖੂਹ ਨੂੰ ਗੇੜੀ ਗਈ।
ਸ਼ਾਇਰ ਰਾਜਵੰਤ ਰਾਜ ਨੇ ਵੀ ਪ੍ਰੀਤ ਮਨਪ੍ਰੀਤ ਨੂੰ ਆਪਣੀ ਜਨਮ ਭੋਇੰ ਦੇ ਪ੍ਰਸਿੱਧ ਕਵੀਆਂ ਨਾਲ ਮੇਲ ਮਿਲਾਪ ਦੀ ਵਧਾਈ ਦਿੱਤੀ ਅਤੇ ਪੰਜਾਬ ਬਾਰੇ ਆਪਣੀ ਚਿੰਤਾ ਦਾ ਇਜ਼ਹਾਰ ਇਓਂ ਕੀਤਾ-
ਵਿਦੇਸ਼ੋਂ ਪੁੱਤ ਵੀ ਮੁੜਦੇ ਨੇ, ਵਿਦੇਸ਼ੋਂ ਮੁੜਨ ਲਾਸ਼ਾਂ ਵੀ,
ਕਿਸੇ ਨੇ ਕੀਰਨੇ ਪਾਏ, ਕਿਸੇ ਨੇ ਘੋੜੀਆਂ ਗਾਈਆਂ।
ਜੋ ਆਪਣੀ ਮਾਂ ਦੇ ਮੂੰਹੋਂ ਲੱਗਦੀਆਂ ਨੇ ਮਾਖਿਓਂ ਮਿੱਠੀਆਂ,
ਉਹ ਝਿੜਕਾਂ ਜ਼ਹਿਰ ਕਿਉਂ ਲੱਗਣ ਜੇ ਦੇਵਣ ਚਾਚੀਆਂ ਤਾਈਆਂ।
ਹਰਦਮ ਸਿੰਘ ਮਾਨ ਨੇ ਕਿਹਾ ਕਿ ਮਨਪ੍ਰੀਤ ਵਰਗੀ ਸਾਹਿਤਕ ਯਾਤਰਾ ਕਿਸੇ ਕਿਸੇ ਨੂੰ ਨਸੀਬ ਹੁੰਦੀ ਹੈ। ਮਨਪ੍ਰੀਤ ਨੂੰ ਵਧਾਈ ਦਿੰਦਿਆਂ ਉਸ ਨੇ ਕਿਹਾ-
ਪਿਆਰ, ਮੁਹੱਬਤ, ਕਵਿਤਾ ਲਿਖਣਾ ਚਾਹੁੰਦਾ ਹਾਂ।
ਦਿਲ ਦਾ ਵਰਕਾ ਵਰਕਾ ਪੜ੍ਹਨਾ ਚਾਹੁੰਦਾ ਹਾਂ।
ਮਨ ਦੀ ਧਰਤੀ ਬਣ ਜਾਵੇ ਨਾ ਮਾਰੂਥਲ
ਸਾਵਣ ਵਾਂਗੂੰ ਛਮ ਛਮ ਵਰਨ੍ਹਾ ਚਾਹੁੰਦਾ ਹਾਂ।
ਦਵਿੰਦਰ ਗੌਤਮ ਨੇ ਪ੍ਰੀਤ ਮਨਪ੍ਰੀਤ ਨੂੰ ਕਰਮ ਭੂਮੀ ਕੈਨੇਡਾ ਵਿਖੇ ਵਾਪਸ ਪਰਤਣ ਤੇ ਜੀ ਆਇਆਂ ਕਿਹਾ ਅਤੇ ਆਪਣੀ ਕਾਵਿਕ ਸੰਵੇਦਨਾ ਇਉਂ ਪੇਸ਼ ਕੀਤੀ-
ਕੱਚੀਆਂ ਕੰਧਾਂ ਦੇਖ ਅਨੇਕਾਂ ਹੀ ਢਹਿ ਗਈਆਂ,
ਜੇਕਰ ਤੇਰਾ ਪੱਕਾ ਚੋਇਆ ਤਾਂ ਕੀ ਹੋਇਆ ।
ਵਿੱਛੜ ਕੇ ਉਹਦੀ ਹਾਲਤ ਕੀ ਸੀ,ਬਸ ਮੈਂ ਜਾਣਾ ,
ਜੇ ਦੁਨੀਆਂ ਸਾਹਵੇਂ ਨਾ ਰੋਇਆ ਤਾਂ ਕੀ ਹੋਇਆ।
ਅੰਤ ਵਿਚ ਮਨਪ੍ਰੀਤ ਨੇ ਇਸ ਮਹਿਫ਼ਿਲ ਲਈ ਸ਼ਾਇਰ ਦੋਸਤਾਂ ਦਾ ਧੰਨਵਾਦ ਕੀਤਾ।