ਪੰਜਾਬੀ ਯੂਨੀਵਰਸਿਟੀ ਵਿਖੇ ਹੋਵੇਗਾ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ'
-ਸਟਾਕਹੋਮ ਯੂਨੀਵਰਸਿਟੀ, ਸਵੀਡਨ ਦੇ ਪ੍ਰੋਫ਼ੈਸਰ ਐਮੀਰੀਟਸ ਡਾ. ਇਸ਼ਤਿਆਕ ਅਹਿਮਦ ਦੇਣਗੇ ਭਾਸ਼ਣ
ਪਟਿਆਲਾ, 9 ਅਪ੍ਰੈਲ 2024 - ਪੰਜਾਬੀ ਯੂਨੀਵਰਸਿਟੀ ਵਿਖੇ ਕੱਲ੍ਹ 'ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਭਾਸ਼ਣ' ਕਰਵਾਇਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਇਹ ਭਾਸ਼ਣ ਇਸ ਵਾਰ ਸਟਾਕਹੋਮ ਯੂਨੀਵਰਸਿਟੀ, ਸਵੀਡਨ ਦੇ ਪ੍ਰੋਫ਼ੈਸਰ ਐਮੀਰੀਟਸ ਡਾ. ਇਸ਼ਤਿਆਕ ਅਹਿਮਦ ਦੇਣਗੇ। ਉਹ 'ਮਨੁੱਖੀ ਪਛਾਣ ਦੀ ਪੇਚੀਦਗੀ: ਦੱਖਣੀ ਏਸ਼ੀਆ ਦਾ ਤਜਰਬਾ' ਵਿਸ਼ੇ ਉੱਤੇ ਆਪਣੀ ਗੱਲ ਕਰਨਗੇ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਇਸ ਲੜੀ ਦਾ ਪੰਜਵਾਂ ਭਾਸ਼ਣ ਹੈ। ਉਨ੍ਹਾਂ ਦੱਸਿਆ ਕਿ ਇਸ ਲੜੀ ਦਾ ਸਭ ਤੋਂ ਪਹਿਲਾ ਭਾਸ਼ਣ ਉੱਘੇ ਪਾਕਿਸਤਾਨੀ ਕਵੀ ਅਤੇ ਵਿਦਵਾਨ ਅਹਿਮਦ ਸਲੀਮ ਨੇ ਦਿੱਤਾ ਸੀ। ਅਗਲੇ ਸਾਲ ਇਸ ਲੜੀ ਦਾ ਦੂਜਾ ਭਾਸ਼ਣ ਦਿੱਲੀ ਯੂਨੀਵਰਸਿਟੀ ਤੋਂ ਪ੍ਰੋ. ਅਪੂਰਵਾ ਨੰਦ ਨੇ, ਤੀਜੇ ਸਾਲ ਲਖਨਊ ਤੋਂ ਪੁੱਜੇ ਹਿੰਦੀ ਦੇ ਕਵੀ ਅਤੇ ਚਿੰਤਕ ਨਰੇਸ਼ ਸਕਸੈਨਾ ਨੇ ਅਤੇ ਚੌਥਾ ਭਾਸ਼ਣ ਉੱਘੇ ਕਾਲਮਨਵੀਸ ਅਤੇ ਰਾਜਨੀਤਿਕ ਅਰਥਚਾਰੇ ਦੇ ਵਿਸ਼ੇਸ਼ ਮਾਹਿਰ ਪੀ. ਸਾਈਨਾਥ ਨੇ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪ੍ਰੋ. ਰਵਿੰਦਰ ਸਿੰਘ ਰਵੀ ਦੇ ਵਿਦਿਆਰਥੀਆਂ, ਦੋਸਤਾਂ ਅਤੇ ਉਹਨਾਂ ਨੂੰ ਚਾਹੁਣ ਵਾਲ਼ੇ ਲੋਕਾਂ ਵੱਲੋਂ ਇਕੱਠੇ ਕੀਤੇ ਗਏ ਦੋ ਲੱਖ ਰੁਪਏ ਦੇ ਕੌਰਪਸ ਫੰਡ ਵਿੱਚੋਂ ਹਰ ਸਾਲ ਇਹ ਭਾਸ਼ਣ ਕਰਵਾਇਆ ਜਾਂਦਾ ਹੈ। ਡਾ. ਰਵਿੰਦਰ ਸਿੰਘ ਰਵੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਆਪਣੇ ਸਮੇਂ ਦੇ ਉੱਘੇ ਲੇਖਕ ਅਤੇ ਵਿਦਵਾਨ ਸਨ।
ਧਰਮ ਨਿਰਪੱਖ ਕਦਰਾਂ ਕੀਮਤਾਂ ਦੀ ਰਾਖੀ ਕਰਦਿਆਂ ਉਹ 1989 ਵਿੱਚ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਗਏ ਸਨ। ਉਹ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਦੇ ਸਕੱਤਰ ਵਜੋਂ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨਟ ਮੈਂਬਰ ਵਜੋਂ ਕਾਰਜਸ਼ੀਲ ਰਹੇ ਹਨ। ਉਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਪੀ-ਐੱਚ.ਡੀ. ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ। ਉਨ੍ਹਾਂ ਰਾਮ-ਕਾਵਿ ਉੱਤੇ ਆਪਣੀ ਪੀ-ਐੱਚ.ਡੀ. ਕੀਤੀ ਸੀ। ਉਨ੍ਹਾਂ ਵੱਲੋਂ ਰਚਿਤ ਪ੍ਰਮੁੱਖ ਪੁਸਤਕਾਂ ਵਿੱਚ 'ਵਿਰਸਾ ਤੇ ਵਰਤਮਾਨ', 'ਅਮਰੀਕਾ ਦੀ ਨਵੀਨ ਆਲੋਚਨਾ ਪ੍ਰਣਾਲੀ' ਅਤੇ 'ਰਵੀ ਚੇਤਨਾ' ਸ਼ਾਮਿਲ ਹਨ।
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਕਰਨਗੇ। ਪ੍ਰੋ. ਹਰਭਜਨ ਸਿੰਘ ਭਾਟੀਆ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. ਰਾਜੇਸ਼ ਸ਼ਰਮਾ ਵਿਸ਼ੇਸ਼ ਵਕਤਾ ਵਜੋਂ ਹਾਜ਼ਰ ਹੋਣਗੇ।